Chandigarh furniture market demolished ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ’ਤੇ ਚੱਲਿਆ ਬੁਲਡੋਜ਼ਰ
ਇੱਥੋਂ ਦੇ ਸੈਕਟਰ 53 ਅਤੇ 54 ਵਾਲੀ ਸੜਕ ’ਤੇ ਸਥਿਤ ਪੁਰਾਣੀ ਫਰਨੀਚਰ ਮਾਰਕੀਟ ਨੂੰ ਪ੍ਰਸ਼ਾਸਨ ਨੇ ਅੱਜ ਸਵੇਰੇ ਢਾਹ ਦਿੱਤਾ ਹੈ। ਪ੍ਰਸ਼ਾਸਨ ਨੇ 15 ਏਕੜ ਜ਼ਮੀਨ ’ਤੇ ਬਣੀਆਂ 116 ਦੁਕਾਨਾਂ ਨੂੰ ਢਾਹ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਪ੍ਰਸ਼ਾਸਨ ਦੀ ਟੀਮ ਨੇ ਅੱਜ ਸਵੇਰੇ 7 ਵਜੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕੁਝ ਦੁਕਾਨਦਾਰਾਂ ਵੱਲੋਂ ਪ੍ਰਸ਼ਾਸਨ ਦੀ ਕਾਰਵਾਈ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲੀਸ ਨੇ ਉਨ੍ਹਾਂ ਨੂੰ ਪਾਸੇ ਕਰ ਦਿੱਤਾ ਅਤੇ ਬੁਲਡੋਜ਼ਰ ਚਲਾ ਦਿੱਤਾ। ਪ੍ਰਸ਼ਾਸਨ ਦੀ ਕਾਰਵਾਈ ਕਾਰਨ ਫਰਨੀਚਰ ਮਾਰਕੀਟ ਵਿੱਚ ਸਥਿਤ ਦੁਕਾਨਾਂ ਦੇ ਮਾਲਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀਆਂ ਅੱਖਾਂ ਭਰ ਆਈਆਂ।
ਜ਼ਿਕਰਯੋਗ ਹੈ ਕਿ ਯੂਟੀ ਪ੍ਰਸ਼ਾਸਨ ਨੇ ਸੈਕਟਰ 52, 53, 54 ਨੂੰ ਵਿਕਸਿਤ ਕਰਨ ਲਈ ਸਾਲ 2002 ਵਿੱਚ ਕੁੱਲ 227 ਏਕੜ ਜ਼ਮੀਨ ਐਕੁਆਇਰ ਕੀਤੀ ਸੀ। ਇਸ ਦੌਰਾਨ ਜ਼ਮੀਨ ਦੇ ਅਸਲ ਮਾਲਕਾਂ ਨੂੰ ਬਣਦਾ ਮੁਆਵਜ਼ਾ ਦੇ ਦਿੱਤਾ ਗਿਆ ਸੀ। ਇਸ ਦੇ ਬਾਵਜੂਦ 15 ਏਕੜ ਜ਼ਮੀਨ ਉੱਤੇ ਇਹ ਦੁਕਾਨਾਂ ਹਟਾਈਆਂ ਨਹੀਂ ਗਈਆਂ ਸਨ ਜਿਨ੍ਹਾਂ ਨੂੰ ਯੂਟੀ ਪ੍ਰਸ਼ਾਸਨ ਨੇ ਨੋਟਿਸ ਜਾਰੀ ਕੀਤੇ ਸਨ। ਇਸ ਤੋਂ ਬਾਅਦ ਪਿਛਲੇ ਸਾਲ 30 ਜੂਨ ਨੂੰ 29 ਦੁਕਾਨਾਂ ਨੂੰ ਢਾਹ ਦਿੱਤਾ ਸੀ ਅਤੇ ਬਾਕੀ ਰਹਿੰਦੀਆਂ 116 ਦੁਕਾਨਾਂ ਉੱਤੇ ਅੱਜ ਬੁਲਡੋਜ਼ਰ ਚਲਾ ਦਿੱਤਾ ਗਿਆ ਹੈ।ਯੂਟੀ ਪ੍ਰਸ਼ਾਸਨ ਅਤੇ ਪੁਲੀਸ ਨੇ ਅੱਜ ਇੱਕ ਸਾਂਝੇ ਅਪਰੇਸ਼ਨ ਰਾਹੀਂ ਸੈਕਟਰ 53 ਅਤੇ 54 ਦੀ ਗੈਰਕਾਨੂੰਨੀ ਫਰਨੀਚਰ ਮਾਰਕੀਟ ਨੂੰ ਢਾਹ ਦਿੱਤਾ ਹੈ। ਇਹ ਮਾਰਕੀਟ ਸਾਲ 1985 ਤੋਂ ਚੱਲ ਰਹੀ ਸੀ ਅਤੇ ਲਗਪਗ 15 ਏਕੜ ਵਿਚ ਸਥਿਤ ਸੀ। ਇੱਥੇ 116 ਦੁਕਾਨਾਂ ਸਨ। ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਫਰਨੀਚਰ ਮਾਰਕੀਟ ਚੰਡੀਗੜ੍ਹ ਅਤੇ ਮੁਹਾਲੀ ਨੂੰ ਜੋੜਨ ਵਾਲੀ ਇੱਕ ਮੁੱਖ ਸੜਕ ’ਤੇ ਸਥਿਤ ਸੀ ਤੇ ਇਸ ਮਾਰਕੀਟ ਵਿਚ ਕਾਰਾਂ ਦੀ ਪਾਰਕਿੰਗ ਅਤੇ ਕਬਜ਼ਿਆਂ ਕਾਰਨ ਆਵਾਜਾਈ ਸਮੱਸਿਆ ਆ ਰਹੀ ਸੀ। ਏਐਨਆਈ ਨਾਲ ਗੱਲਬਾਤ ਕਰਦਿਆਂ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐਸਡੀਐਮ) ਪੂਰਬੀ ਖੁਸ਼ਪ੍ਰੀਤ ਕੌਰ ਨੇ ਕਿਹਾ ਕਿ ਪ੍ਰਸ਼ਾਸਨ ਨੇ ਮਾਰਕੀਟ ਵਾਲਿਆਂ ਨੂੰ ਸਮੇਂ-ਸਮੇਂ ’ਤੇ ਅਲਟੀਮੇਟਮ ਦਿੱਤਾ ਸੀ।