ਪੇਪਰ ਮਿੱਲ ਖ਼ਿਲਾਫ਼ ਚਮਕੌਰ ਸਾਹਿਬ ਮੋਰਚੇ ਦੀ ਇਕੱਤਰਤਾ
ਸੰਜੀਵ ਬੱਬੀ
ਚਮਕੌਰ ਸਾਹਿਬ, 1 ਜੁਲਾਈ
ਇੱਥੋਂ ਨੇੜਲੇ ਪਿੰਡ ਜੰਡ ਸਾਹਿਬ ਵਿੱਚ ਲੱਗਣ ਜਾ ਰਹੀ ਪੇਪਰ ਮਿੱਲ ਦੇ ਵਿਰੋਧ ਵਿੱਚ ਚਮਕੌਰ ਸਾਹਿਬ ਮੋਰਚੇ ਦੇ ਮੈਂਬਰਾਂ ਦੀ ਮੀਟਿੰਗ ਹੋਈ। ਇਸ ਦੌਰਾਨ ਪੇਪਰ ਮਿਲ ਨਾ ਲੱਗਣ ਲਈ ਮੋਰਚੇ ਵੱਲੋਂ ਕੀਤੀ ਵਿਉਂਤਬੰਦੀ, ਪੰਜਾਬ ਦੇ ਰਾਜਪਾਲ, ਰਾਜਸੀ ਨੇਤਾਵਾਂ, ਕੇਂਦਰ ਅਤੇ ਪੰਜਾਬ ਸਰਕਾਰ ’ਤੇ ਮਿੱਲ ਲਈ ਵੱਖ-ਵੱਖ ਵਿਭਾਗਾਂ, ਅਧਿਕਾਰੀਆਂ ਨੂੰ ਇਤਿਹਾਸਕ ਧਰਤੀ ਤੋਂ ਜਾਣੂ ਕਰਵਾਉਣ ਲਈ ਸੁਝਾਅ ਅਤੇ ਰਣਨੀਤੀ ਸਬੰਧੀ ਵਿਚਾਰ ਕੀਤਾ ਗਿਆ। ਮੋਰਚੇ ਦੇ ਆਗੂ ਖੁਸ਼ਵਿੰਦਰ ਸਿੰਘ ਕਾਕਾ, ਕਿਸਾਨ ਆਗੂ ਜੁਝਾਰ ਸਿੰਘ, ਲਖਵੀਰ ਸਿੰਘ ਹਾਫਿਜ਼ਾਬਾਦ ਅਤੇ ਕਰਨ ਕੰਧੋਲਾ ਆਦਿ ਨੇ ਦੱਸਿਆ ਕਿ ਜੰਡ ਸਾਹਿਬ ਵਿੱਚ ਲੱਗਣ ਵਾਲੀ ਪੇਪਰ ਮਿੱਲ ਨਾਲ ਇਲਾਕੇ ਦਾ ਭਾਰੀ ਨੁਕਸਾਨ ਹੋਵੇਗਾ। ਇਸ ਨਾਲ ਵਾਤਾਵਰਨ ਪ੍ਰਦੂਸ਼ਣ ਹੋਣ ਦੇ ਨਾਲ ਨਾਲ ਲੋਕਾਂ ਨੂੰ ਬਿਮਾਰੀਆਂ ਲੱਗਣ ਦਾ ਖ਼ਦਸ਼ਾ ਹੈ। ਉਨ੍ਹਾਂ ਦੱਸਿਆ ਕਿ ਮਿੱਲ ਮਾਲਕਾਂ ਦੀਆਂ ਹਿਮਾਚਲ ਪ੍ਰਦੇਸ਼ ਵਿਚਲੀਆਂ ਮਿੱਲਾਂ ਨੂੰ ਪ੍ਰਦੂਸ਼ਣ ਵਿਭਾਗ ਵੱਲੋਂ ਹਦਾਇਤਾਂ ਦੀ ਪਾਲਣਾ ਨਾ ਕਰਨ ’ਤੇ ਜੁਰਮਾਨੇ ਲਗਾਏ ਗਏ ਹਨ।
ਇਸ ਮੌਕੇ ਤਾਰਾ ਚੰਦ, ਗੁਰਿੰਦਰ ਸਿੰਘ, ਗੁਰਜੰਟ ਸਿੰਘ, ਭੁਪਿੰਦਰ ਸਿੰਘ, ਜਿੰਦੂ ਲੁਬਾਣਾ, ਵਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੰਤ ਸਿੰਘ, ਗੱਬਰ ਸਿੰਘ, ਕੁਲਵੀਰ ਸਿੰਘ, ਨਰੰਜਣ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਗੁਰਮੇਲ ਸਿੰਘ ਅਤੇ ਜਸਵੀਰ ਸਿੰਘ ਆਦਿ ਹਾਜ਼ਰ ਸਨ।