ਚੇਅਰਮੈਨ ਨੇ ਸਨਅਤਕਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ
ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਚੇਅਰਮੈਨ ਅਨਿਲ ਠਾਕੁਰ ਨੇ ਅੱਜ ਮੁਹਾਲੀ ਜ਼ਿਲ੍ਹੇ ਦੇ ਵਪਾਰੀਆਂ, ਉਦਯੋਗਪਤੀਆਂ ਨਾਲ ਮੁਹਾਲੀ ਦੇ ਐਕਸਾਈਜ਼ ਭਵਨ ਵਿੱਚ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਅਤੇ ‘ਆਪ’ ਪੰਜਾਬ ਦੇ ਟਰੇਡ ਵਿੰਗ ਦੇ ਸਕੱਤਰ ਰਣਜੀਤਪਾਲ ਸਿੰਘ ਹਾਜ਼ਰ ਸਨ।
ਇਸ ਮੌਕੇ ਸ੍ਰੀ ਠਾਕੁਰ ਨੇ ਕਿਹਾ ਕਿ ਕੈਬਨਿਟ ਨੇ ਪੁਰਾਣੇ ਕੇਸਾਂ ਦਾ ਬੋਝ ਘਟਾਉਣ ਅਤੇ ਸਨਅਤ ਤੇ ਕਾਰੋਬਾਰਾਂ ਲਈ ਨਿਯਮਾਂ ਦੀ ਪਾਲਣਾ ਵਧਾਉਣ ਲਈ ਬਕਾਇਆਂ ਦੀ ਰਿਕਵਰੀ ਲਈ ‘ਯਕਮੁਸ਼ਤ ਨਿਪਟਾਰਾ’ ਸਕੀਮ 2025 ਲਿਆਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸਕੀਮ ਪਹਿਲੀ ਅਕਤੂਬਰ ਤੋਂ ਲਾਗੂ ਹੋਈ ਸੀ ਅਤੇ 31 ਦਸੰਬਰ ਤੱਕ ਲਾਗੂ ਰਹੇਗੀ।
ਉਨ੍ਹਾਂ ਇਸ ਮੌਕੇ ਯਕ ਮੁਸ਼ਤ ਨਿਪਟਾਰਾ ਸਕੀਮ ਬਾਰੇ ਜਾਣਕਾਰੀ ਦਿੱਤੀ। ਸ੍ਰੀ ਵਿਨੀਤ ਵਰਮਾ ਅਤੇ ਆਪ ਪੰਜਾਬ ਦੇ ਟ੍ਰੇਡ ਵਿੰਗ ਦੇ ਸਕੱਤਰ ਰਣਜੀਤਪਾਲ ਸਿੰਘ ਨੇ ਕਿਹਾ ਕਿ ਕੁਝ ਕੁ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਸਿੰਡੀਕੇਟ ਬਣਾਈ ਹੋਈ ਹੈ। ਸਰਕਾਰ ਵੱਲੋਂ ਸਿੰਡੀਕੇਟ ਦੀ ਕੋਈ ਪ੍ਰਮਾਣਕਿਤਾ ਨਹੀਂ ਹੈ, ਜੇ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਹਾਇਕ ਕਮਿਸ਼ਨਰ ਮਨਮੋਹਨ ਸਿੰਘ, ਸੇਲਜ਼ ਟੈਕਸ ਅਫ਼ਸਰ ਅਮਨਦੀਪ ਸਿੰਘ, ਅਨੁਪਮ, ਭਾਵਨਾ ਹਾਜ਼ਰ ਸਨ ।
