ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੀ ਦੂਜੀ ਬਰਸੀ ਮੌਕੇ ਸਮਾਗਮ
ਬੀਤੇ ਤਿੰਨ ਸਾਲ ਪਹਿਲਾਂ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ’ਚ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਸ਼ਹੀਦ ਹੋਏ ਕਰਨਲ ਮਨਪ੍ਰੀਤ ਸਿੰਘ ਦੇ ਜੱਦੀ ਪਿੰਡ ਭੜੌਂਜੀਆਂ ਵਿੱਚ ਅੱਜ ਉਨ੍ਹਾਂ ਦੀ ਦੂਜੀ ਬਰਸੀ ਮੌਕੇ ਸਮਾਗਮ ਕਰਵਾਇਆ ਗਿਆ। ਇਸ ਮੌਕੇ 12 ਸਿੱਖ ਐੱਲ ਆਈ ਫੌਜ ਦੇ ਸਾਬਕਾ ਕੈਪਟਨ ਸਣੇ ਵੱਡੀ ਗਿਣਤੀ ਲੋਕ ਹਾਜ਼ਰ ਹੋਏ ਅਤੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਹੀਦ ਮਨਪ੍ਰੀਤ ਸਿੰਘ ਦੀ ਪਤਨੀ ਜਗਮੀਤ ਕੌਰ ਆਪਣੇ ਪੁੱਤਰ ਕਬੀਰ ਸਿੰਘ ਤੇ ਪੰਜ ਸਾਲਾਂ ਦੀ ਧੀ ਬਾਣੀ ਨਾਲ ਪਹੁੰਚੇ ਹੋਏ ਸਨ। ਸ਼ਹੀਦ ਦੇ ਭਰਾ ਸੰਦੀਪ ਸਿੰਘ ਨੇ ਸਮਾਗਮ ਵਿੱਚ ਆਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਜ਼ਿਲ੍ਹਾ ਮੁਹਾਲੀ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ, ਕਾਂਗਰਸ ਪਾਰਟੀ ਤੋਂ ਜ਼ਿਲ੍ਹਾ ਮੁਹਾਲੀ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਤੇ ਯਾਦਵਿੰਦਰ ਸਿੰਘ ਬੰਨੀ ਕੰਗ, ਭਾਜਪਾ ਆਗੂ ਰਣਜੀਤ ਸਿੰਘ ਗਿੱਲ ਅਤੇ ਪ੍ਰਸਿੱਧ ਕ੍ਰਿਕਟ ਖਿਡਾਰੀ ਯੂਸਫ ਪਠਾਨ ਨੇ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਡੀਸੀ ਕੋਮਲ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਮਹਾਨ ਸ਼ਹੀਦ ਦਾ ਯਾਦਗਾਰੀ ਬੁੱਤ ਲਗਾਇਆ ਜਾਵੇਗਾ। ਐੱਮ ਪੀ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਈਕੋ ਸਿਟੀ ਵਿੱਚ ਪਾਰਕ ਦਾ ਨਾਮ ਸ਼ਹੀਦ ਦੇ ਨਾਮ ’ਤੇ ਪਿਛਲੇ ਸਾਲ ਰੱਖਿਆ ਗਿਆ ਸੀ ਅਤੇ ਹੁਣ ਇਲਾਕੇ ਦੀ ਸੜਕ ਅਤੇ ਪਿੰਡ ਦੇ ਸਕੂਲ ਦਾ ਨਾਮ ਵੀ ਜਲਦੀ ਰੱਖਿਆ ਜਾਵੇਗਾ। ਅਕਾਲੀ ਦਲ ਦੇ ਹਲਕਾ ਖਰੜ ਦੇ ਸੀਨੀਅਰ ਆਗੂ ਚੌਧਰੀ ਸ਼ਿਆਮ ਲਾਲ ਤੇ ਸ਼ਮਸ਼ੇਰ ਸਿੰਘ ਪੁਰਖਾਲਵੀ ਵੱਲੋਂ ਸ਼ਹੀਦ ਦੀ ਮਾਤਾ ਮਨਜੀਤ ਕੌਰ ਤੇ ਪਤਨੀ ਜਗਜੀਤ ਕੌਰ ਦਾ ਸ਼ਾਲ ਨਾਲ ਸਨਮਾਨ ਕੀਤਾ ਗਿਆ। ਯੂਥ ਵਰਗ ਵੱਲੋਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਲਗਾਏ ਕੈਂਪ ਦੌਰਾਨ ਕੌਸ਼ਲ ਹਸਪਤਾਲ ਖਰੜ ਦੀ ਡਾਕਟਰ ਟੀਮ ਵੱਲੋਂ 52 ਖੂਨਦਾਨੀਆਂ ਕੋਲੋਂ ਖੂਨ ਇਕੱਤਰ ਕੀਤਾ ਗਿਆ ਅਤੇ ਨੌਜਵਾਨਾਂ ਵੱਲੋਂ ਸ਼ਹੀਦ ਦੀ ਯਾਦ ਵਿੱਚ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਅਤੇ ਵੰਡੇ ਗਏ।