ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ’ਚ ਸਮਾਗਮ ਆਰੰਭ
ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਵਿਖੇ ਅੱਜ ਸ਼ਹੀਦੀ ਪੰਦਰਵਾੜੇ ਦੇ ਪਹਿਲੇ ਪੜਾਅ ਦੇ ਤਿੰਨ ਰੋਜ਼ਾ ਸਮਾਗਮ ਪੰਜ ਸ੍ਰੀ ਅਖੰਡ ਪਾਠਾਂ ਦੀ ਆਰੰਭਤਾ ਨਾਲ ਸ਼ਰੂ ਹੋਏ। ਆਰੰਭਤਾ ਦੀ ਅਰਦਾਸ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਜੋਗਿੰਦਰ ਸਿੰਘ ਨੇ ਕੀਤੀ। ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਇਲਾਕੇ ਦੇ ਪਿੰਡਾਂ ਤੇ ਦੂਰ ਦੁਰਾਡੇ ਦੀ ਸੰਗਤ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਇਸ ਮੌਕੇ ਇਸਤਰੀ ਸਤਿਸੰਗ ਸਭਾ ਥਰਮਲ ਪਲਾਂਟ ਵੱਲੋਂ ਸੁਖਮਨੀ ਸਾਹਿਬ ਦੇ ਜਾਪ ਕੀਤੇ ਗਏ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਹ ਉਹ ਮੁਕੱਦਸ ਸਥਾਨ ਹੈ ਜਿੱਥੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਰਿਵਾਰ ਵਿੱਛੜਿਆ ਸੀ ਤੇ ਮੁੜ ਇੱਕਠਾ ਨਾ ਹੋ ਸਕਿਆ। ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਜਿੰਦਵੜੀ ਤੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਇੰਚਾਰਜ ਦਵਿੰਦਰ ਸਿੰਘ ਨੇ ਦੱਸਿਆ ਕਿ ਸਭਾ ਦੇ ਦੂਜੇ ਦਿਨ ਕੀਤਰਨੀ ਜਥੇ ਤੇ ਕਥਾ ਵਾਚਕ ਸੰਗਤ ਨੂੰ ਇਤਿਹਾਸ ਤੋਂ ਜਾਣੂ ਕਰਵਾਉਣਗੇ।
ਗੁਰਦੁਆਰਾ ਐਮਾ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਸਮਾਗਮ
ਮੋਰਿੰਡਾ (ਸੰਜੀਵ ਤੇਜਪਾਲ): ਪਿੰਡ ਸਹੇੜੀ ਦੇ ਗੁਰਦੁਆਰਾ ਐਮਾ ਸਾਹਿਬ ਵਿਖੇ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨੇ ਸ਼ਹੀਦਾਂ ਨੂੰ ਸਿਜਦਾ ਕੀਤਾ। ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸਵਰਨ ਸਿੰਘ ਬਿੱਟੂ ਨੇ ਦੱਸਿਆ ਕਿ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਜਿਸ ਉਪਰੰਤ ਸ਼ਹੀਦੀ ਸਮਾਗਮ ਦੌਰਾਨ ਭਾਈ ਸਾਹਿਬ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ, ਭਾਈ ਜਸਵੰਤ ਸਿੰਘ ਬੈਂਸ ਢਾਡੀ ਜਥਾ ਤੇ ਹੋਰਨਾਂ ਨੇ ਸੰਗਤ ਨੂੰ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਪ੍ਰਸੰਗ ਕਥਾ ਕੀਰਤਨ ਤੇ ਢਾਡੀ ਵਾਰਾਂ ਰਾਹੀਂ ਸਰਵਣ ਕਰਵਾਏ।
