ਚੋਣਾਂ ਲਈ ਤਰੀਕ ਐਲਾਨੇ ਕੇਂਦਰ ਸਰਕਾਰ: ਢੀਂਡਸਾ
ਪੰਜਾਬ ਯੂਨੀਵਰਸਿਟੀ ਬਚਓ ਮੋਰਚੇ ਵੱਲੋਂ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਕਰਵਾਉਣ ਦੀ ਮੰਗ ਲਈ ਵਾਈਸ ਚਾਂਸਲਰ ਦਫ਼ਤਰ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਅੱਜ ਅਕਾਲੀ ਸਰਕਾਰ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਜਲਾਲਾਬਾਦ ਤੋਂ ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਸ਼ਿਰਕਤ ਕੀਤੀ। ਉਨ੍ਹਾਂ ਧਰਨੇ ’ਤੇ ਬੈਠੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਵਿਦਿਆਰਥੀ ਅਵਤਾਰ ਸਿੰਘ, ਦਰਸ਼ਪ੍ਰੀਤ ਸਿੰਘ, ਕਰਨਵੀਰ ਸਿੰਘ ਅਤੇ ਸੈਨੇਟਰ ਬਿੱਲਾ ਧਾਲੀਵਾਲ ਨੇ ਢੀਂਡਸਾ ਨੂੰ ਅਥਾਰਿਟੀ ਦੇ ਰਵੱਈਏ ਬਾਰੇ ਦੱਸਿਆ।
ਢੀਂਡਸਾ ਨੇ ਵਿਦਿਆਰਥੀਆਂ ਵੱਲੋਂ ’ਵਰਸਿਟੀ ਵਿੱਚ ਲੋਕਤੰਤਰਿਕ ਢਾਂਚੇ ਨੂੰ ਬਚਾਉਣ ਵਾਸਤੇ ਵਿੱਢੇ ਇਸ ਸੰਘਰਸ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਸੈਨੇਟ ਚੋਣਾਂ ਕਰਵਾਉਣ ਵਿੱਚ ਕਿਸੇ ਕਿਸਮ ਦੀ ਵੀ ਦੇਰੀ ਕਰਨ ਦੀ ਬਜਾਇ ਜਲਦੀ ਤਰੀਕ ਦਾ ਐਲਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਿਰਫ਼ ਇੱਕ ’ਵਰਸਿਟੀ ਹੀ ਨਹੀਂ ਬਲਕਿ ਇਹ ਪੰਜਾਬ ਦੀ ਵਿਰਾਸਤ ਹੈ ਅਤੇ ਇਸ ਪੰਜਾਬ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਵੀ ਬੀਤੇ ਦਿਨ ਧਰਨੇ ਵਿੱਚ ਸ਼ਿਰਕਤ ਕਰ ਚੁੱਕੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਉਹ ਸੈਨੇਟ ਚੋਣਾਂ ਦੇ ਇਸ ਮਸਲੇ ਨੂੰ ਸਹੀ ਪਲੇਟਫਾਰਮ ’ਤੇ ਰੱਖ ਕੇ ਹੱਲ ਕਰਵਾਉਣ ਦਾ ਯਤਨ ਕਰਨਗੇ।
ਦੱਸਣਯੋਗ ਹੈ ਕਿ ਮੋਰਚੇ ਵਿੱਚ ਰੋਜ਼ਾਨਾ ਵੱਖ-ਵੱਖ ਸਿਆਸੀ, ਧਾਰਮਿਕ, ਸਮਾਜਿਕ, ਕਿਸਾਨ-ਮਜ਼ਦੂਰ, ਮੁਲਾਜ਼ਮ ਅਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ ਅਤੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦੇ ਰਹੇ ਹਨ। ਧਰਨੇ ਵਿੱਚ ਆਸ-ਪਾਸ ਦੇ ਪਿੰਡਾਂ ਤੋਂ ਦੁੱਧ, ਲੰਗਰ ਸਮੇਤ ਹੋਰ ਖਾਣ-ਪੀਣ ਦੇ ਪਦਾਰਥ ਭੇਜੇ ਜਾ ਰਹੇ ਹਨ। ਇਸ ਤੋਂ ਇਲਾਵਾ ਹੋਰ ਵਿਅਕਤੀਗਤ ਤੌਰ ’ਤੇ ਵੀ ਲੋਕੀਂ ਧਰਨੇ ਵਿੱਚ ਖਾਣਿਆਂ ਦੀ ਸੇਵਾ ਨਿਭਾ ਰਹੇ ਹਨ। ਆਗੂਆਂ ਨੇ ਦੁਹਰਾਇਆ ਯੂਨੀਵਰਸਿਟੀ ਅਥਾਰਿਟੀ ਨੂੰ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਕਰਨ ਲਈ 25 ਨਵੰਬਰ ਤੱਕ ਦਾ ਸਮਾਂ ਦਿੱਤਾ ਹੋਇਆ ਹੈ। ਜੇਕਰ 25 ਨਵੰਬਰ ਤੱਕ ਸੈਨੇਟ ਚੋਣਾਂ ਦਾ ਐਲਾਨ ਨਹੀਂ ਹੁੰਦਾ ਤਾਂ 26 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਰੇ ਗੇਟ ਬੰਦ ਕਰਕੇ ਦਫ਼ਤਰੀ ਕੰਮ-ਕਾਜ ਬੰਦ ਕੀਤੇ ਜਾਣਗੇ।
