ਸੀਬੀਐੱਸਈ: ਬੋਰਡ ਜਮਾਤਾਂ ਲਈ 75 ਫੀਸਦੀ ਹਾਜ਼ਰੀ ਜ਼ਰੂਰੀ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਨੂੰ ਯੋਗਤਾ ਪੂਰੀ ਕਰਨ ਲਈ 75 ਫੀਸਦੀ ਹਾਜ਼ਰੀ ਲਾਜ਼ਮੀ ਕਰ ਦਿੱਤੀ ਹੈ। ਜੇ ਕਿਸੇ ਵਿਦਿਆਰਥੀ ਦੀ ਹਾਜ਼ਰੀ ਪੂਰੀ ਨਹੀਂ ਹੋਵੇਗੀ ਤਾਂ ਉਸ ਦੇ ਅੰਦਰੂਨੀ ਮੁਲਾਂਕਣ ਦੇ ਨੰਬਰ ਨਹੀਂ ਗਿਣੇ ਜਾਣਗੇ ਤੇ ਨਾ ਹੀ ਉਸ ਦਾ ਨਤੀਜਾ ਐਲਾਨਿਆ ਜਾਵੇਗਾ। ਸੀਬੀਐਸਈ ਨੇ ਅੱਜ ਇਸ ਸਬੰਧੀ ਸਰਕੁਲਰ ਸਕੂਲਾਂ ਨੂੰ ਜਾਰੀ ਕਰ ਦਿੱਤਾ ਹੈ ਜਿਸ ਦੀ ਕਾਪੀ ਪੰਜਾਬੀ ਟ੍ਰਿਬਿਊਨ ਕੋਲ ਵੀ ਮੌਜੂਦ ਹੈ। ਬੋਰਡ ਨੇ ਕਿਹਾ ਕਿ ਇੰਟਰਨਲ ਅਸੈਸਮੈਂਟ ਦੋ ਸਾਲ ਦੀ ਪ੍ਰਕਿਰਿਆ ਹੈ ਤੇ ਇਸ ਨੂੰ ਮੁਕੰਮਲ ਕਰਨ ਲਈ ਵਿਦਿਆਰਥੀਆਂ ਦਾ ਪੂਰਾ ਹਾਜ਼ਰੀ ਲਾਉਣਾ ਜ਼ਰੂਰੀ ਹੈ।
ਜਾਣਕਾਰੀ ਅਨੁਸਾਰ ਸੀਬੀਐਸਈ ਦੇ ਪ੍ਰੀਖਿਆਵਾਂ ਕੰਟਰੋਲਰ ਸੰਯਮ ਭਾਰਦਵਾਜ ਨੇ ਪੱਤਰ ਜਾਰੀ ਕਰ ਕੇ ਕਿਹਾ ਕਿ ਜੇ ਕੋਈ ਵਿਦਿਆਰਥੀ ਨਿਯਮਤ ਜਮਾਤਾਂ ਨਹੀਂ ਲਾਉਂਦਾ ਤਾਂ ਸਕੂਲ ਇਸ ਦੀ ਇੰਟਰਨਲ ਅਸੈਸਮੈਂਟ ਨਹੀਂ ਲਾ ਸਕਣਗੇ। ਇਸ ਲਈ ਭਾਵੇਂ ਵਿਦਿਆਰਥੀ ਦੀ ਰਜਿਸਟਰੇਸ਼ਨ ਪ੍ਰਕਿਰਿਆ ਮੁਕੰਮਲ ਹੋ ਗਈ ਹੋਵੇ ਜਾਂ ਸਕੂਲ ਨੇ ਲਿਸਟ ਆਫ ਕੈਂਡੀਡੇਟਸ ਵੀ ਭੇਜ ਦਿੱਤੀ ਹੋਵੇ। ਬੋਰਡ ਨੇ ਕਿਹਾ ਹੈ ਕਿ ਅਜਿਹੇ ਵਿਦਿਆਰਥੀਆਂ ਨੂੰ ‘ਈਸੈਂਸ਼ੀਅਲ ਰਿਪੀਟ ਕੈਟਾਗਰੀ’ ਵਿੱਚ ਰੱਖਿਆ ਜਾਵੇ। ਨੋਟਿਸ ਵਿੱਚ ਵਾਧੂ ਵਿਸ਼ਿਆਂ ਦੀ ਚੋਣ ਲਈ ਨਿਯਮਾਂ ਨੂੰ ਵੀ ਸਪੱਸ਼ਟ ਕੀਤਾ ਗਿਆ ਹੈ।