ਗੱਡੀ ਖੋਹਣ ਦੇ ਦੋਸ਼ ਹੇਠ ਅਣਪਛਾਤੇ ਲੜਕਾ-ਲੜਕੀ ਖ਼ਿਲਾਫ਼ ਕੇਸ ਦਰਜ
ਹਰਜੀਤ ਸਿੰਘ
ਜ਼ੀਰਕਪੁਰ, 30 ਜਨਵਰੀ
ਪੁਲੀਸ ਨੇ ਬਲਟਾਣਾ ਫਰਨੀਚਰ ਮਾਰਕੀਟ ਦੇ ਚੇਅਰਮੈਨ ਸਾਹਿਲ ਦੀ ਸਕਾਰਪਿਓ ਗੱਡੀ ਖੋਹਣ ਦੇ ਦੋਸ਼ ਹੇਠ ਅਣਪਛਾਤੇ ਲੜਕਾ-ਲੜਕੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਲੁਟੇਰਿਆਂ ਨੇ ਗੱਡੀ ਖੋਹਣ ਲਈ ਕਾਫੀ ਜੱਦੋ-ਜਾਹਿਦ ਕੀਤੀ ਪਰ ਸਾਹਿਲ ਅਰੋੜਾ ਗੱਡੀ ਬਚਾਉਣ ਵਿੱਚ ਕਾਮਯਾਬ ਰਹੇ ਜਿਸ ਮਗਰੋਂ ਲੁਟੇਰੇ ਫ਼ਰਾਰ ਹੋ ਗਏ। ਪੁਲੀਸ ਨੇ ਸੀਸੀਟੀਵੀ ਫੁਟੇਜ਼ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਸਾਹਿਲ ਅਰੋੜਾ ਨੇ ਦੱਸਿਆ ਕਿ ਲੰਘੀ 23 ਅਤੇ 24 ਜਨਵਰੀ ਦੀ ਦਰਮਿਆਨੀ ਰਾਤ ਨੂੰ ਕਰੀਬ ਡੇਢ ਵਜੇ ਆਪਣੀ ਦੁਕਾਨ ਤੋਂ ਘਰ ਜਾ ਰਿਹਾ ਸੀ। ਇਸ ਦੌਰਾਨ ਜਦੋਂ ਆਨੰਦ ਵਿਹਾਰ ਸੁਸਾਇਟੀ ਦੇ ਗੇਟ ਕੋਲ ਪਹੁੰਚਿਆ ਤਾਂ ਇਕ ਮੁੰਡਾ ਕੁੜੀ ਜਬਰਦਸਤੀ ਗੱਡੀ ਵਿੱਚ ਆ ਵੜੇ। ਲੜਕੀ ਉਸ ਦੇ ਨਾਲ ਵਾਲੀ ਸੀਟ ਅਤੇ ਨੌਜਵਾਨ ਉਸ ਦੀ ਪਿਛਲੀ ਸੀਟ ’ਤੇ ਬੈਠ ਗਿਆ। ਨੌਜਵਾਨ ਨੇ ਆਉਂਦਿਆਂ ਹੀ ਉਸ ਦੀ ਪਿੱਠ ’ਤੇ ਕੋਈ ਨੁਕੀਲੀ ਚੀਜ਼ ਲਾ ਕੇ ਗੱਡੀ ਸੁਨਸਾਨ ਥਾਂ ਵੱਲ ਲਿਜਾਣ ਦੀ ਧਮਕੀ ਦਿੱਤੀ। ਮਨ੍ਹਾ ਕਰਨ ’ਤੇ ਮੁਲਜ਼ਮਾਂ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਦੋਵਾਂ ਨੇ ਮੂੰਹ ਕਪੜੇ ਨਾਲ ਢੱਕੇ ਹੋਏ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਆਪਣੀ ਜਾਨ ਬਚਾਉਣ ਲਈ ਗੱਡੀ ਤੋਰ ਲਈ, ਕੁਝ ਅੱਗੇ ਜਾ ਕੇ ਦੋਵਾਂ ਨੇ ਗੱਡੀ ਛੱਡਣ ਲਈ ਕਿਹਾ ਪਰ ਉਸ ਦੀ ਉਨ੍ਹਾਂ ਨਾਲ ਬਹਿਸ ਹੋ ਗਈ। ਲੜਕੀ ਨੇ ਉਸ ਦੀ ਅੱਖਾਂ ਵਿੱਚ ਲਾਲ ਮਿਰਚਾਂ ਪਾ ਦਿੱਤੀਆਂ। ਇਸ ਮਗਰੋਂ ਉਸ ਦੀ ਨੌਜਵਾਨ ਨਾਲ ਹੱਥੋ ਪਾਈ ਹੋ ਗਈ, ਜਿਸ ਮਗਰੋਂ ਉਹ ਫ਼ਰਾਰ ਹੋ ਗਏ। ਪੁਲੀਸ ਨੇ ਅਣਪਛਾਤੇ ਲੜਕਾ ਲੜਕੀ ਖ਼ਿਲਾਫ਼ ਕੇਸ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
