ਕੁੱਤੇ ਵੱਲੋਂ ਵੱਢਣ ’ਤੇ ਮਾਲਕ ਵਿਰੁੱਧ ਕੇਸ ਦਰਜ
ਇੱਥੋਂ ਦੇ ਸੈਕਟਰ-43 ਵਿੱਚ ਸਥਿਤ ਰਿਹਾਇਸ਼ੀ ਇਲਾਕੇ ਵਿੱਚ ਕੁੱਤੇ ਨੇ ਇੱਕ ਵਿਅਕਤੀ ਨੂੰ ਵੱਢ ਲਿਆ। ਉਸ ਵਿਅਕਤੀ ਨੂੰ ਜ਼ਖ਼ਮੀ ਹਾਲਤ ’ਚ ਤੁਰੰਤ ਡਾਕਟਰ ਕੋਲ ਇਲਾਜ ਲਈ ਲਿਜਾਇਆ ਗਿਆ।
ਇਸ ਘਟਨਾ ਬਾਰੇ ਜਾਣਕਾਰੀ ਮਿਲਦਿਆਂ ਹੀ ਥਾਣਾ ਸੈਕਟਰ-36 ਦੀ ਪੁਲੀਸ ਨੇ ਕੁੱਤੇ ਦੇ ਮਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ। ਇਹ ਕੇਸ ਪੀੜਤ ਅਸ਼ੀਸ਼ ਸ਼ਰਮਾ ਵਾਸੀ ਸੈਕਟਰ-43 ਦੀ ਸ਼ਿਕਾਇਤ ’ਤੇ ਉਸੇ ਇਲਾਕੇ ਵਿੱਚ ਰਹਿਣ ਵਾਲੀ ਔਰਤ ਵਿਰੁੱਧ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਅਸ਼ੀਸ਼ ਨੇ ਕਿਹਾ ਕਿ ਉਹ ਆਪਣੇ ਇਲਾਕੇ ਵਿੱਚੋਂ ਲੰਘ ਰਿਹਾ ਸੀ ਤਾਂ ਇਸ ਦੌਰਾਨ ਇੱਕ ਔਰਤ ਆਪਣੇ ਕੁੱਤੇ ਨੂੰ ਲੈ ਕੇ ਬਾਹਰ ਘੁੰਮ ਰਹੀ ਸੀ।
ਇਸ ਦੌਰਾਨ ਕੁੱਤੇ ਨੇ ਉਸ ਨੂੰ ਵੱਢ ਲਿਆ, ਜਿਸ ਕਰ ਕੇ ਉਹ ਜ਼ਖ਼ਮੀ ਹੋ ਗਿਆ। ਥਾਣਾ ਸੈਕਟਰ-36 ਦੀ ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਹਿਰ ’ਚ ਰੋਜ਼ਾਨਾ 100 ਕੇਸ ਆਉਂਦੇ ਨੇ ਸਾਹਮਣੇ
ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਕੁੱਤਿਆਂ ਦੇ ਵੱਢਣ ਦਾ ਕਹਿਰ ਵਧਦਾ ਜਾ ਰਿਹਾ ਹੈ। ਸ਼ਹਿਰ ਵਿੱਚ ਕੁੱਤਿਆਂ ਦੇ ਵੱਢਣ ਦੇ ਰੋਜ਼ਾਨਾ 100 ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2025 ਦੇ ਜਨਵਰੀ ਤੋਂ ਜੁਲਾਈ ਮਹੀਨੇ ਦੌਰਾਨ 23 ਹਜ਼ਾਰ ਮਾਮਲੇ ਸਾਹਮਣੇ ਆਏ ਸਨ। ਇਸ ਤਰ੍ਹਾਂ ਰੋਜ਼ਾਨਾ 100 ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਸਾਲ 2024 ਵਿੱਚ 40 ਹਜ਼ਾਰ ਤੋਂ ਵੱਧ ਅਤੇ ਸਾਲ 2023 ਵਿੱਚ 36 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ ਸਨ। ਹਾਲਾਂਕਿ ਯੂਟੀ ਪ੍ਰਸ਼ਾਸਨ ਵੱਲੋਂ ਕੁੱਤਿਆਂ ਦੇ ਵੱਢਣ ਲਈ ਮੁਆਵਜ਼ਾ ਦਿੱਤਾ ਜਾਂਦਾ ਹੈ। ਇਸ ਲਈ ਵਿਸ਼ੇਸ਼ ਕਮੇਟੀ ਬਣਾਈ ਗਈ ਹੈ, ਜੋ ਮੁਆਵਜ਼ਾ ਦੇਣ ਬਾਰੇ ਫ਼ੈਸਲਾ ਲੈਂਦੀ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਪਸ਼ੂਆਂ ਦੇ ਵੱਢਣ ’ਤੇ ਮੁਆਵਜ਼ਾ ਲੈਣ ਲਈ 476 ਜਣਿਆਂ ਨੇ ਅਰਜ਼ੀ ਦਾਇਰ ਕੀਤੀ ਸੀ। ਇਨ੍ਹਾਂ ਵਿੱਚੋਂ 476 ਕੇਸ ਕੁੱਤਿਆਂ ਦੇ ਵੱਢਣ ਦੇ ਸਨ। ਯੂਟੀ ਪ੍ਰਸ਼ਾਸਨ ਨੇ 184 ਮਾਮਲਿਆਂ ਵਿੱਚ ਮੁਆਵਜ਼ਾ ਦੇ ਦਿੱਤਾ ਹੈ ਜਦੋਂਕਿ 13 ਕੇਸਾਂ ਨੂੰ ਰੱਦ ਕਰ ਦਿੱਤਾ ਹੈ ਜਦੋਂਕਿ ਬਾਕੀ ਮਾਮਲੇ ਵਿਚਾਰ ਅਧੀਨ ਹਨ।