ਖਾਦ ਦੇ ਨਾਲ ਬੂਸਟਰ ਵੇਚਣ ਵਾਲੇ ਡਿਸਟ੍ਰੀਬਿਊਟਰ ਤੇ ਪਰਚਾ ਦਰਜ
ਥਾਣਾ ਸਿਟੀ ਰੂਪਨਗਰ ਦੀ ਪੁਲੀਸ ਵੱਲੋਂ ਕਿਸਾਨਾਂ ਨੂੰ ਖਾਦ ਦੇ ਸਮੇਤ ਧੱਕੇ ਨਾਲ ਬੂਸਟਰ ਵੇਚਣ ਦੇ ਦੋਸ਼ ਅਧੀਨ ਇੱਕ ਡਿਸਟ੍ਰੀਬਿਊਟਰ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਵੱਲੋਂ ਇਹ ਕਾਰਵਾਈ ਮੁੱਖ ਖੇਤੀਬਾੜੀ ਅਫ਼ਸਰ ਰੂਪਨਗਰ ਡਾ.ਗੁਰਮੇਲ ਸਿੰਘ ਦੀ ਸ਼ਿਕਾਇਤ ਦੇ...
Advertisement
ਥਾਣਾ ਸਿਟੀ ਰੂਪਨਗਰ ਦੀ ਪੁਲੀਸ ਵੱਲੋਂ ਕਿਸਾਨਾਂ ਨੂੰ ਖਾਦ ਦੇ ਸਮੇਤ ਧੱਕੇ ਨਾਲ ਬੂਸਟਰ ਵੇਚਣ ਦੇ ਦੋਸ਼ ਅਧੀਨ ਇੱਕ ਡਿਸਟ੍ਰੀਬਿਊਟਰ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਵੱਲੋਂ ਇਹ ਕਾਰਵਾਈ ਮੁੱਖ ਖੇਤੀਬਾੜੀ ਅਫ਼ਸਰ ਰੂਪਨਗਰ ਡਾ.ਗੁਰਮੇਲ ਸਿੰਘ ਦੀ ਸ਼ਿਕਾਇਤ ਦੇ ਆਧਾਰ ਤੇ ਰੈਕ ਹੈਂਡਲਰ ਮਨਪ੍ਰੀਤ ਸਿੰਘ(ਸੋਹੀ ਖੇਤੀ ਸੇਵਾ ਸੈਂਟਰ ) ਦੇ ਖ਼ਿਲਾਫ਼ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਦਿਨੇਸ਼ ਚੱਢਾ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਜ਼ਿਲ੍ਹੇ ਅੰਦਰ ਕਿਸਾਨਾਂ ਦੀ ਲੁੱਟ ਹੋ ਰਹੀ ਸੀ ਅਤੇ ਉਨ੍ਹਾਂ ਨੂੰ ਖਾਦ ਦੇ ਨਾਲ ਵੱਖ ਵੱਖ ਤਰ੍ਹਾਂ ਦੇ ਬੇਲੋੜੇ ਉਤਪਾਦ ਧੱਕੇ ਨਾਲ ਖਰੀਦਣ ਲਈ ਮਜ਼ਬੂਰ ਕੀਤਾ ਜਾ ਰਿਹਾ ਸੀ। ਕਈ ਉਤਪਾਦਾਂ ਦੀ ਕੀਮਤ ਤਾਂ ਖਾਦ ਦੇ ਥੈਲੇ ਨਾਲੋਂ ਵੀ ਵੱਧ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਿਸਾਨ ਛੋਟੇ ਖਾਦ ਵਿਕਰੇਤਾਵਾਂ ਨਾਲ ਲੜਦੇ ਰਹਿੰਦੇ ਸਨ, ਪਰ ਖਾਦ ਵਿਕਰੇਤਾਵਾਂ ਵੱੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਉਨ੍ਹਾਂ ਨੂੰ ਡਿਸਟ੍ਰੀਬਿਊਟਰਾਂ ਵੱਲੋਂ ਖਾਦ ਨਾਲ ਅਜਿਹੇ ਉਤ਼ਪਾਦ ਧੱਕੇ ਨਾਲ ਦਿੱਤੇ ਜਾਂਦੇ ਹਨ, ਜੇ ਉਹ ਉਤਪਾਦ ਲੈਣ ਤੋਂ ਮਨ੍ਹਾਂ ਕਰਦੇ ਹਨ ਤਾਂ ਉਨ੍ਹਾਂ ਨੂੰ ਡੀ.ਏ.ਪੀ. ਖਾਦ ਵੀ ਨਹੀਂ ਦਿੱਤੀ ਜਾਂਦੀ।
ਚੱਢਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਖੇਤੀਬਾੜੀ ਵਿਭਾਗ ਦੁਆਰਾ ਕਰਵਾਈ ਜਾਂਚ ਦੌਰਾਨ ਡਿਸਟ੍ਰੀਬਿਊਟਰ ਦੀ ਧੱਕੇਸ਼ਾਹੀ ਸਾਹਮਣੇ ਆਉਣ ’ਤੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿਸੇ ਵੀ ਵਿਅਕਤੀ ਨੂੰ ਕਿਸਾਨਾਂ ਦੀ ਲੁੱਟ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਹੋਰ ਵੀ ਵਿਅਕਤੀ ਖਾਦ ਦੇ ਨਾਲ ਧੱਕੇ ਨਾਲ ਬੇਲੋੜੇ ਉਤਪਾਦ ਲੈਣ ਲਈ ਮਜ਼ਬੂਰ ਕਰਦਾ ਹੈ ਤਾਂ ਤੁਰੰਤ ਖੇਤੀਬਾੜੀ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਕਿ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।
ਇਸ ਮੌਕੇ ਐੱਮਸੀ ਰਾਜੂ ਸਤਿਆਲ, ਚੇਅਰਮੈਨ ਭਾਗ ਸਿੰਘ ਮੈਦਾਨ, ਚੌਧਰੀ ਹੁਸਨ ਲਾਲ, ਪੱਪੀ ਫੂਲ, ਬਲਾਕ ਪ੍ਰਧਾਨ ਸਰਪੰਚ ਪਰਮਿੰਦਰ ਬਾਲਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਫੋਟੋ ਕੈਪਸ਼ਨ: ਰੂਪਨਗਰ ਵਿਖੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਵਿਧਾਇਕ ਦਿਨੇਸ਼ ਚੱਢਾ ਫੋਟੋ: ਜਗਮੋਹਨ ਸਿੰਘ
Advertisement