ਕਾਰਮਲ ਸਕੂਲ ਹਾਦਸਾ: ਹਾਈ ਕੋਰਟ ਵਲੋਂ ਪ੍ਰਸ਼ਾਸਨ ਨੂੰ ਡੇਢ ਕਰੋੜ ਰੁਪਏ ਮੁਆਵਜ਼ਾ ਦੇਣ ਦੇ ਹੁਕਮ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਦੇ ਕਾਰਮਲ ਕਾਨਵੈਂਟ ਸਕੂਲ ਵਿਚ ਦਰੱਖਤ ਡਿੱਗਣ ਕਾਰਨ ਇਕ ਵਿਦਿਆਰਥਣ ਦੀ ਮੌਤ ਤੇ ਇਕ ਦੇ ਜ਼ਖਮੀ ਹੋਣ ਦੇ ਮਾਮਲੇ ਵਿਚ ਵੱਡਾ ਫੈਸਲਾ ਸੁਣਾਉਂਦਿਆਂ ਡੇਢ ਕਰੋੜ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਹੈ ਕਿ ਇਸ ਹਾਦਸੇ ਵਿਚ ਮਰਨ ਵਾਲੀ ਇੱਕ ਵਿਦਿਆਰਥਣ ਦੇ ਪਰਿਵਾਰ ਨੂੰ ਕਰੋੜ ਰੁਪਏ ਅਤੇ ਆਪਣਾ ਹੱਥ ਗੁਆਉਣ ਵਾਲੀ ਇੱਕ ਹੋਰ ਲੜਕੀ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।
ਜਾਣਕਾਰੀ ਅਨੁਸਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਯੂਟੀ ਪ੍ਰਸ਼ਾਸਨ ਦੇ ਇਸ ਦਾਅਵੇ ਨੂੰ ਮੂਲੋਂ ਹੀ ਰੱਦ ਕਰ ਦਿੱਤਾ ਕਿ ਇਹ ਕੁਦਰਤੀ ਘਟਨਾ ਤੇ ਇਹ ਰੱਬ ਦਾ ਭਾਣਾ ਸੀ। ਅਦਾਲਤ ਨੇ ਕਿਹਾ ਕਿ ਇਸ ਦਰੱਖਤ ਦੀ ਸੰਭਾਲ ਤੇ ਇਸ ਦੇ ਡਿੱਗਣ ਦੇ ਖਦਸ਼ੇ ਨੂੰ ਨਜ਼ਰਅੰਦਾਜ਼ ਕੀਤਾ ਗਿਆ ਜਿਸ ਕਾਰਨ ਸਕੂਲ ਵਿਚ ਵੱਡਾ ਹਾਦਸਾ ਵਾਪਰਿਆ। ਅਦਾਲਤ ਨੇ ਇਹ ਵੀ ਕਿਹਾ ਕਿ ਇਸ ਘਟਨਾ ਕਾਰਨ ਹੋਰ ਵਿਦਿਆਰਥੀਆਂ ਨੂੰ ਵੀ ਗੰਭੀਰ ਸੱਟਾਂ ਲੱਗ ਸਕਦੀਆਂ ਸਨ ਜਿਸ ਕਾਰਨ ਪ੍ਰਸ਼ਾਸਨ ਦੀ ਗੰਭੀਰ ਕੁਤਾਹੀ ਸਾਹਮਣੇ ਆਉਂਦੀ ਹੈ। ਅਦਾਲਤ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਭਵਿੱਖ ਵਿਚ ਵੀ ਹੋਰ ਵਿਰਾਸਤੀ ਦਰੱਖਤਾਂ ਦੀ ਸੰਭਾਲ ਲਈ ਸਮੇਂ ਸਮੇਂ ’ਤੇ ਨਿਗਰਾਨੀ ਕਰੇ ਤਾਂ ਕਿ ਭਵਿੱਖ ਵਿਚ ਕਿਤੇ ਹੋਰ ਹਾਦਸਾ ਨਾ ਵਾਪਰੇ।