Canada News: ਮੁਲਾਜ਼ਮ ਆਗੂ ਢਿੱਲੋਂ ਦੀ ਸਵੈਜੀਵਨੀ ‘ਹੱਕ ਸੱਚ ਦਾ ਸੰਗਰਾਮ’ ਕੈਨੇਡਾ ਵਿੱਚ ਕੀਤੀ ਲੋਕ ਅਰਪਣ
ਕੈਨੇਡਾ ਦੀ ਦਿਸ਼ਾ ਸੰਸਥਾ ਵੱਲੋਂ ਇੱਥੇ ਵਿਸ਼ਵ ਪੰਜਾਬੀ ਭਵਨ ਦੇ ਸੈਮੀਨਾਰ ਹਾਲ ਵਿੱਚ ਮੁਲਾਜ਼ਮ ਲਹਿਰ ਦੇ ਮੋਹਰੀ ਆਗੂ ਲਾਲ ਸਿੰਘ ਢਿੱਲੋਂ ਦੀ ਪੁਸਤਕ ‘ਹੱਕ ਸੱਚ ਦਾ ਸੰਗਰਾਮ’ ਸਬੰਧੀ ਗੋਸ਼ਟੀ ਅਤੇ ਲੋਕ ਅਰਪਣ ਸਮਾਗਮ ਕਰਵਾਇਆ ਗਿਆ। ਪੁਸਤਕ ਨੂੰ ਤਰਤੀਬਬੱਧ ਉਨ੍ਹਾਂ ਦੀ ਸਪੁੱਤਰੀ ਅਤੇ ਦਿਸ਼ਾ ਸੰਸਥਾ ਦੀ ਚੇਅਰਪਰਸਨ ਡਾ. ਕੰਵਲਜੀਤ ਕੋਰ ਢਿੱਲੋਂ ਨੇ ਕੀਤਾ ਹੈ।
ਇਸ ਮੌਕੇ ਬੋਲਦਿਆਂ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਪੰਜਾਬੀ ਦੇ ਉੱਘੇ ਲੇਖਕ ਵਰਿਆਮ ਸੰਧੂ ਨੇ ਕਿਹਾ ਕਿ ਲਾਲ ਸਿੰਘ ਢਿੱਲੋਂ ਦੀ ਇਸ ਸਵੈ-ਜੀਵਨੀ ਵਿਚ ਇਤਿਹਾਸ, ਸੱਭਿਆਚਾਰ ਤੇ ਕਮਿਊਨਿਸਟ ਲਹਿਰ ਦੇ ਅੰਗ ਸੰਗ ਲੋਕ ਚੇਤਨਾ ਬਾਰੇ ਬੜੀ ਬਾਰੀਕੀ ਨਾਲ ਬਿਆਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਢਿੱਲੋਂ ਨੇ ਗ਼ਦਰ ਲਹਿਰ ਸਮੇਤ ਉਨ੍ਹਾਂ ਦੇ ਸਮੇਂ ਵਿਚ ਚੱਲੀਆਂ ਲਹਿਰ ਵਿਚ ਵਿਚ ਖ਼ੁਦ ਸਰਗਰਮੀ ਨਾਲ ਹਿੱਸਾ ਲਿਆ।
ਸ੍ਰੀ ਸੰਧੂ ਨੇ ਕਿਹਾ ਕਿ ਉਨ੍ਹਾਂ ਸਮੇਂ ਦਾ ਇਕ ਖੂਬਸੂਰਤ ਨਕਸ਼ਾ ਖਿੱਚ ਕੇ ਪਾਠਕਾਂ ਦੀ ਵਡਮੁੱਲੀ ਜਾਣਕਾਰੀ ਲਈ ਪੇਸ਼ ਕੀਤਾ ਹੈ। ਲੇਖਕ ਨੂੰ ਲੋਕ ਸੰਗਰਾਮ ਵਿੱਚ ਹਿੱਸਾ ਲੈਣ ਕਰਕੇ ਸਰਕਾਰ ਨੇ ਨੌਕਰੀ ਤੱਕ ਤੋਂ ਕੱਢ ਦਿੱਤਾ ਸੀ, ਜਿਸ ਦੀ ਬਹਾਲੀ 14 ਸਾਲ ਬਾਅਦ ਹੋਈ ਪਰ ਉਹ ਆਪਣੇ ਨਿਸ਼ਾਨੇ ’ਤੇ ਡਟੇ ਰਹੇ।
ਉਨ੍ਹਾਂ ਕਿਹਾ ਕਿ ਲੇਖਕ ਨੇ ਇੱਕ ਦੌਰ ਦੇ ਇਤਿਹਾਸ ਨੂੰ ਆਪਣੀ ਜ਼ਿੰਦਗੀ ਦੇ ਸੰਘਰਸ਼ ਨਾਲ ਜੋੜ ਕੇ ਇੱਕ ਐਸਾ ਦਸਤਾਵੇਜ਼ ਸਾਹਮਣੇ ਲਿਆਂਦਾ ਹੈ, ਜੋ ਪਾਠਕਾਂ ਦੀ ਜਾਣਕਾਰੀ ਵਿੱਚ ਢੇਰ ਵਾਧਾ ਕਰੇਗਾ।
ਇਸ ਮੌਕੇ ਕਮਿਊਨਿਸਟ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਵੈਜੀਵਨੀ ਵਿੱਚ ਲਾਲ ਸਿੰਘ ਨੇ ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਲੋਕ ਜੀਵਨ ਦੇ ਉਹ ਪਲ ਇਕੱਠੇ ਕੀਤੇ ਹਨ, ਜਿਨ੍ਹਾਂ ਨੂੰ ਸਮਝ ਕੇ ਪਾਠਕ ਚੰਗਾ ਲਾਭ ਲੈ ਸਕਦੇ ਹਨ।
ਪ੍ਰਿੰਸੀਪਲ ਸਰਬਣ ਸਿੰਘ ਨੇ ਕਿਹਾ, ‘‘ਲੇਖਕ ਢਿੱਲੋਂ ਉਸ ਸਮੇਂ ਦੇ ਸਰਗਰਮ ਅਧਿਆਪਕ ਆਗੂ ਹਨ ਜਦੋਂ ਪ੍ਰਤਾਪ ਸਿੰਘ ਕੈਰੋਂ ਕਿਸੇ ਅਧਿਆਪਕ ਦਾ ਇਹ ਪਤਾ ਲੱਗਣ ’ਤੇ ਕਿ ਉਹ ਅਧਿਆਪਕਾਂ ਦਾ ਆਗੂ ਹੈ ਜਾਂ ਪ੍ਰੀਤਲੜੀ ਰਸਾਲਾ ਪੜ੍ਹਦਾ ਹੈ, ਉਸਨੂੰ ਨੌਕਰੀ ਚ ਕੱਢ ਦਿੰਦਾ ਸੀ।’’ ਉਨ੍ਹਾਂ ਕਿਹਾ ਕਿ ਲਾਲ ਸਿੰਘ ਢਿੱਲੋਂ ਦੋਵੇ ਕੰਮ ਹੀ ਕਰਦਾ ਸੀ, ਜਿਸ ਕਾਰਨ ਨੌਕਰੀ ਤੋਂ ਛੁੱਟੀ ਹੋਈ।
ਚੰਡੀਗੜ੍ਹ ਦੀ ਸਾਬਕਾ ਮੇਅਰ ਬੀਬੀ ਹਰਜਿੰਦਰ ਕੌਰ ਨੇ ਕਿਹਾ ਕਿ ਲੇਖਕ ਦੇ ਮਿਸਾਲੀ ਅੱਖਰ ਪਾਠਕ ਲਈ ਮਸ਼ਾਲ ਦੀ ਰੌਸ਼ਨੀ ਵਾਂਗ ਹੀ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ ਹੀ ਸਮਾਜ ਨੂੰ ਸੇਧ ਦਿੰਦੇ ਤੇ ਸੰਵਾਰਦੇ ਹਨ। ਉਨ੍ਹਾਂ ਕਿਹਾ ਲ਼ੇਖਕ ਦੀ ਧੀ ਕੰਵਲਜੀਤ ਵਧਾਈ ਦੀ ਪਾਤਰ ਹੈ, ਜਿਸ ਨੇ ਉਨ੍ਹਾਂ ਦੇ ਲਿਖੇ ਨੂੰ ਤਰਤੀਬ ਦੇ ਕੇ ਪਾਠਕਾਂ ਦੇ ਸਾਹਮਣੇ ਲਿਆਂਦਾ ਹੈ।
ਡਾ ਕੰਵਲਜੀਤ ਕੌਰ ਢਿੱਲੋਂ ਨੇ ਹਾਜ਼ਰ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਪਿਤਾ ਦੇ ਦੋਸਤ ਸੁਦਾਗਰ ਸਿੰਘ ਦੀ ਪ੍ਰੇਰਨਾ ਨਾਲ ਇਹ ਕਾਰਜ ਨੇਪਰੇ ਚੜ੍ਹ ਸਕਿਆ ਹੈ। ਸੀਨੀਅਰ ਇਤਿਹਾਸਕਾਰ ਪੱਤਰਕਾਰ ਜਗਤਾਰ ਸਿੰਘ ਨੇ ਕਿਹਾ ਕਿ ਜੁਝਾਰੂ ਵਿਆਕਤੀਆਂ ਦੇ ਜੀਵਨ ਹੀ ਇਤਿਹਾਸ ਬਣਦੇ ਹਨ ਤੇ ਇਤਿਹਾਸ ਵਿੱਚ ਸਵੈ ਦਾ ਰੋਲ ਬਹੁਤ ਵੱਡਾ ਹੁੰਦਾ ਹੈ।
ਜਗੀਰ ਸਿੰਘ ਕਾਹਲੋਂ ਨੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਦੇ ਨਾਲ ਨਾਲ ਲੋਕ ਲਹਿਰਾਂ ਬਾਰੇ ਗਿਆਨ ਭਰਪੂਰ ਜਾਣਕਾਰੀਆਂ ਦਿੱਤੀਆਂ। ਸਮਾਗਮ ਵਿੱਚ ਕਵਿਤਰੀ ਪਰਮਜੀਤ ਕੌਰ ਦਿਓਲ, ਰਾਜਵੰਤ ਕੌਰ ਸੰਧੂ, ਸੁਰਜੀਤ ਕੌਰ ਕੁਦੋਵਾਲ, ਪੂਰਨ ਸਿੰਘ ਪਾਂਧੀ, ਕੁਲਵਿੰਦਰ ਖਹਿਰਾ, ਪਿਆਰਾ ਸਿੰਘ ਕੁਦੋਵਾਲ, ਕੰਵਲਜੀਤ ਕੌਰ ਨੱਤ, ਕਿਰਪਾਲ ਸਿੰਘ ਸੰਧੂ, ਪਰਮਜੀਤ ਵਿਰਦੀ, ਪਰਮਵੀਰ ਬਾਠ, ਬਲਦੇਵ ਸਿੰਘ ਔਲਖ, ਜਸਪਾਲ ਸ਼ੇਤਰਾ, ਹੀਰਾ ਰੰਧਾਵਾ, ਹਰਬੰਸ ਸਿੱਧੂ, ਚਰਨਜੀਤ ਪੱਡਾ, ਰਮਿੰਦਰ ਕੌਰ ਵਾਲੀਆ, ਜਗੀਰ ਸਿੰਘ ਕਾਹਲੋਂ ਅਤੇ ਅਮਰਜੀਤ ਸ਼ੇਰਪੁਰੀ ਆਦਿ ਨੇ ਸਵੈ ਜੀਵਨੀ ਬਾਰੇ ਵਿਚਾਰ ਰੱਖੇ।
ਲਾਹੌਰ ਵਾਸੀ ਹੁਸਨੈਨ ਅਕਬਰ ਨੋ ਹੀਰ ਗਾ ਕੇ ਹਾਜ਼ਰੀਨ ਨੂੰ ਕੀਲ ਕੇ ਰੱਖ ਦਿੱਤਾ।