ਮੁਹਾਲੀ ਜ਼ਿਲ੍ਹੇ ਦੇ ਚਾਰ ਬਲਾਕਾਂ ’ਚ ਛੇ ਸਰਪੰਚਾਂ ਤੇ 119 ਪੰਚਾਂ ਲਈ ਹੋਵੇਗੀ ਜ਼ਿਮਨੀ ਚੋਣ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 12 ਜੁਲਾਈ
ਰਾਜ ਚੋਣ ਕਮਿਸ਼ਨ ਵੱਲੋਂ ਪੰਚਾਇਤਾਂ ਦੀਆਂ ਐਲਾਨੀਆਂ ਗਈਆਂ ਜ਼ਿਮਨੀ ਚੋਣਾਂ ਤਹਿਤ ਮੁਹਾਲੀ ਜ਼ਿਲ੍ਹੇ ਦੇ ਚਾਰ ਬਲਾਕਾਂ ਦੇ 6 ਸਰਪੰਚਾਂ ਅਤੇ 119 ਪੰਚਾਂ ਲਈ ਵੋਟਾਂ 27 ਜੁਲਾਈ ਨੂੰ ਪੈਣਗੀਆਂ। ਇਨ੍ਹਾਂ ਵੋਟਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 55 ਪੋਲਿੰਗ ਬੂਥ ਬਣਾਏ ਗਏ ਹਨ। ਪੰਚਾਇਤ ਚੋਣਾਂ ਲਈ ਮੁਹਾਲੀ, ਖਰੜ, ਮਾਜਰੀ ਅਤੇ ਡੇਰਾਬਸੀ ਬਲਾਕਾਂ ਵਿੱਚ ਨਾਮਜ਼ਦਗੀਆਂ ਦਾ ਅਮਲ 14 ਜੁਲਾਈ ਸੋਮਵਾਰ ਤੋਂ ਆਰੰਭ ਹੋਵੇਗਾ ਅਤੇ 17 ਜੁਲਾਈ ਤੱਕ ਸਵੇਰੇ ਗਿਆਰਾਂ ਵਜੇ ਤੋਂ ਬਾਅਦ ਦੁਪਹਿਰ ਤਿੰਨ ਵਜੇ ਤੱਕ ਨਾਮਜ਼ਦਗੀਆਂ ਭਰੀਆਂ ਜਾ ਸਕਣਗੀਆਂ।
ਕਾਗਜ਼ਾਂ ਦੀ ਪੜਤਾਲ 18 ਜੁਲਾਈ ਨੂੰ ਅਤੇ ਨਾਮਜ਼ਦਗੀਆਂ ਦੀ ਵਾਪਸੀ 19 ਜੁਲਾਈ ਤੱਕ ਹੋਵੇਗੀ। ਐਤਵਾਰ, 27 ਜੁਲਾਈ ਨੂੰ ਵੋਟਾਂ ਸਵੇਰੇ ਅੱਠ ਵਜੇ ਤੋਂ ਬਾਅਦ ਦੁਪਹਿਰ ਚਾਰ ਵਜੇ ਤੱਕ ਪੈਣਗੀਆਂ ਅਤੇ ਉਸੇ ਦਿਨ ਨਤੀਜੇ ਐਲਾਨੇ ਜਾਣਗੇ। ਪ੍ਰਸ਼ਾਸ਼ਨ ਵੱਲੋਂ ਨਾਮਜ਼ਦਗੀਆਂ ਹਾਸਲ ਕਰਨ ਲਈ ਰਿਟਰਨਿੰਗ ਅਫ਼ਸਰ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
ਡੇਰਾਬਸੀ ਬਲਾਕ ਵਿੱਚ ਪਿੰਡ ਇਸ਼ਾਪੁਰ ਜੰਗੀ ਵਿਖੇ ਇੱਕ ਸਰਪੰਚ ਦੀ ਚੋਣ ਹੋਵੇਗੀ ਅਤੇ 23 ਪਿੰਡਾਂ ਵਿਚ 58 ਪੰਚਾਂ ਦੀਆਂ ਚੋਣਾਂ ਹੋਣਗੀਆਂ। ਖਰੜ ਬਲਾਕ ਦੇ ਦੋ ਪਿੰਡਾਂ ਵਿਚ ਤਿੰਨ ਪੰਚਾਂ ਲਈ ਹੀ ਚੋਣ ਹੋਵੇਗੀ, ਜਿਨ੍ਹਾਂ ਵਿਚ ਮਜਾਤੜੀ ਦੇ ਦੋ ਅਤੇ ਸ਼ਿਵਨਗਰ ਨਾਡਾ ਦੇ ਇੱਕ ਪੰਚ ਦੀ ਚੋਣ ਸ਼ਾਮਲ ਹੈ। ਮਾਜਰੀ ਬਲਾਕ ਵਿਚ ਪਿੰਡ ਤਾਜਪੁਰਾ ਅਤੇ ਰੁੜਕੀ ਖਾਮ ਵਿੱਚ ਦੋ ਸਰਪੰਚਾਂ ਅਤੇ 10 ਪਿੰਡਾਂ ਦੇ 23 ਪੰਚਾਂ ਦੀ ਚੋਣ ਹੋਵੇਗੀ। ਇਸੇ ਤਰ੍ਹਾਂ ਮੁਹਾਲੀ ਬਲਾਕ ਤਿੰਨ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਦੀ ਪੂਰੀ ਪੰਚਾਇਤ ਦੀ ਚੋਣ ਹੋਵੇਗੀ, ਜਿਨ੍ਹਾਂ ਵਿਚ ਜਗਤਪੁਰਾ, ਧਰਮਗੜ੍ਹ ਅਤੇ ਅਲੀਪੁਰ ਸ਼ਾਮਲ ਹਨ। ਗਿਆਰਾਂ ਪਿੰਡਾਂ ਵਿਚ 35 ਪੰਚਾਂ ਦੀ ਚੋਣ ਹੋਵੇਗੀ।
ਜਗਤਪੁਰਾ ’ਚ ਗੁਰੂ ਨਾਨਕ ਕਲੋਨੀ ਰਹੇਗੀ ਬਾਹਰ
ਪਿੰਡ ਜਗਤਪੁਰਾ ਵਿਖੇ ਪੰਚਾਇਤਾਂ ਦੀਆਂ ਆਮ ਚੋਣਾਂ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਕਲੋਨੀ ਗੁਰੂ ਨਾਨਕ ਕਲੋਨੀ ਦੀਆਂ ਵੋਟਾਂ ਦਾ ਮਾਮਲਾ ਬਹੁਤ ਜ਼ਿਆਦਾ ਭਖ਼ ਗਿਆ ਸੀ। ਅਦਾਲਤ ਵਿਚ ਜਾਣ ਮਗਰੋਂ ਚੋਣ ਕਮਿਸ਼ਨ ਵੱਲੋਂ ਵੋਟਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਜਗਤਪੁਰਾ ਦੀ ਪੂਰੀ ਪੰਚਾਇਤ ਦੀ ਹੁਣ ਚੋਣ ਹੋਵੇਗੀ ਅਤੇ ਇਸ ਵਿੱਚ ਕਲੋਨੀ ਦੀਆਂ ਵੋਟਾਂ ਸ਼ਾਮਲ ਨਹੀਂ ਹੋਣਗੀਆਂ।