ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੈਕਟਰ-38 ਸਥਿਤ ਸ਼ਾਹਪੁਰ ਕਲੋਨੀ ’ਤੇ ਅੱਜ ਚੱਲੇਗਾ ਬੁਲਡੋਜ਼ਰ

ਛੇ ਏਕੜ ’ਚ ਵੱਸੀ ਕਲੋਨੀ ਢਾਹੁਣ ਦੀਆਂ ਤਿਆਰੀਆਂ ਮੁਕੰਮਲ; 500 ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ
ਸ਼ਾਹਪੁਰ ਕਲੋਨੀ ’ਚੋਂ ਸਾਮਾਨ ਚੁੱਕਦੇ ਹੋਏ ਲੋਕ। -ਫੋਟੋ: ਵਿੱਕੀ ਘਾਰੂ
Advertisement

ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਝੁੱਗੀ-ਝੌਂਪੜੀ ਤੋਂ ਮੁਕਤ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ 30 ਸਤੰਬਰ ਦਿਨ ਮੰਗਲਵਾਰ ਨੂੰ ਸ਼ਹਿਰ ਦੀ ਆਖਰੀ ਝੁੱਗੀ-ਝੌਂਪੜੀਆਂ ਵਾਲੀ ਬਸਤੀ ਸੈਕਟਰ-38 ਸਥਿਤ ਸ਼ਾਹਪੁਰ ਕਾਲੋਨੀ ਨੂੰ ਢਾਹ ਦਿੱਤਾ ਜਾਵੇਗਾ। ਇਹ ਕਲੋਨੀ ਛੇ ਏਕੜ ਸਰਕਾਰੀ ਜ਼ਮੀਨ ’ਤੇ ਵਸੀ ਹੋਈ ਹੈ। ਪ੍ਰਸ਼ਾਸਨ ਨੇ ਕਲੋਨੀ ’ਤੇ ਬੁਲਡੋਜ਼ਰ ਚਲਾਉਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।

ਅੱਜ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਸ਼ਾਹਪੁਰ ਕਲੋਨੀ ’ਤੇ ਕੀਤੀ ਜਾਣ ਵਾਲੀ ਕਾਰਵਾਈ ਲਈ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਚੰਡੀਗੜ੍ਹ ਪੁਲੀਸ ਦੀ ਐੱਸਐੱਸਪੀ, ਨਗਰ ਨਿਗਮ ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀ, ਇੰਜਨੀਅਰਿੰਗ ਵਿਭਾਗ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਫ਼ੈਸਲਾ ਕੀਤਾ ਕਿ 30 ਸਤੰਬਰ ਨੂੰ ਸਵੇਰੇ 7 ਵਜੇ ਪ੍ਰਸ਼ਾਸਨ ਵੱਲੋਂ ਕਲੋਨੀ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

Advertisement

ਚੰਡੀਗੜ੍ਹ ਪੁਲੀਸ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ਾਹਪੁਰ ਕਲੋਨੀ ’ਤੇ ਕੀਤੀ ਜਾਣ ਵਾਲੀ ਕਾਰਵਾਈ ਦੌਰਾਨ 500 ਤੋਂ ਵੱਧ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇਗਾ, ਜਿਨ੍ਹਾਂ ਵੱਲੋਂ ਬੈਰੀਕੇਡਿੰਗ ਕਰਕੇ ਲੋਕਾਂ ਨੂੰ ਕਾਰਵਾਈ ਵਾਲੀ ਥਾਂ ਤੋਂ ਦੂਰ ਰੱਖਿਆ ਜਾਵੇਗਾ। ਉੱਧਰ ਇੰਜਨੀਅਰਿੰਗ ਵਿਭਾਗ ਨੇ ਲੋੜੀਂਦੀ ਮਸ਼ੀਨਰੀ ਜੇਸੀਬੀ, ਡੰਪਰ ਅਤੇ ਹੋਰ ਢਾਹੁਣ ਵਾਲੇ ਉਪਕਰਨਾਂ ਦੀ ਮੌਜੂਦਗੀ ਦੇ ਵੇਰਵੇ ਦਿੱਤੇ। ਡਿਪਟੀ ਕਮਿਸ਼ਨਰ ਨੇ ​ਇੰਜਨੀਅਰਿੰਗ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਸ਼ਾਹਪੁਰ ਕਲੋਨੀ ਵਿੱਚ ਕਾਰਵਾਈ ਤੋਂ ਪਹਿਲਾਂ ਬਿਜਲੀ ਅਤੇ ਪਾਣੀ ਦੇ ਕਨੈਕਸ਼ਨ ਕੱਟ ਦਿੱਤੇ ਜਾਣ ਤਾਂ ਜੋ ਕਾਰਵਾਈ ਨੂੰ ਸੁਚਾਰੂ ਬਣਾਇਆ ਜਾ ਸਕੇ ਅਤੇ ਕਿਸੇ ਵੀ ਪ੍ਰਕਾਰ ਦੀ ਦੁਰਘਟਨਾ ਦਾ ਖ਼ਦਸ਼ਾ ਨਾ ਰਹੇ।

ਜ਼ਿਕਰਯੋਗ ਹੈ ਕਿ ਸ਼ਾਹਪੁਰ ਕਲੋਨੀ 6 ਏਕੜ ਵਿੱਚ ਫੈਲੀ ਹੋਈ ਹੈ, ਜਿੱਥੇ 500 ਤੋਂ ਵੱਧ ਝੁੱਗੀਆਂ ਬਣੀਆਂ ਹੋਈਆਂ ਹਨ। ਪ੍ਰਸ਼ਾਸਨ ਵੱਲੋਂ ਵਾਰ-ਵਾਰ ਨੋਟਿਸ ਜਾਰੀ ਕਰਨ ਦੇ ਬਾਵਜੂਦ ਲੋਕ ਉੱਥੇ ਰਹਿਣ ਬਾਰੇ ਕੋਈ ਸਬੂਤ ਪੇਸ਼ ਨਹੀਂ ਕਰ ਸਕੇ। ਇਸ ਦੌਰਾਨ ਸਿਰਫ਼ 70 ਜਣਿਆਂ ਵੱਲੋਂ ਸਬੂਤ ਪੇਸ਼ ਕੀਤੇ ਗਏ ਤਾਂ ਪ੍ਰਸ਼ਾਸਨ ਨੇ ਉਨ੍ਹਾਂ ਦੇ ਮੁੜ ਵਸੇਬੇ ਲਈ ਪ੍ਰਬੰਧ ਕਰਕੇ ਦਿੱਤੇ, ਜਦੋਂ ਕਿ ਬਾਕੀਆਂ ਵੱਲੋਂ ਕੋਈ ਸਬੂਤ ਨਾ ਦੇਣ ਕਰਕੇ ਪ੍ਰਸ਼ਾਸਨ ਨੇ ਕਲੋਨੀ ਨੂੰ ਢਾਹੁਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ 19 ਜੂਨ ਨੂੰ ਸੈਕਟਰ-54 ਦੀ ਆਦਰਸ਼ਨ ਕਲੋਨੀ ਨੂੰ ਢਾਹ ਦਿੱਤਾ ਸੀ। 6 ਮਈ ਨੂੰ ਸੈਕਟਰ-25 ਸਥਿਤ ਜਨਤਾ ਕਲੋਨੀ ਵਿੱਚ ਲਗਭਗ 2,500 ਝੁੱਗੀ-ਝੌਂਪੜੀਆਂ ਨੂੰ ਹਟਾ ਦਿੱਤਾ ਸੀ। ਇਹ ਕਲੋਨੀ 10 ਏਕੜ ਜ਼ਮੀਨ ’ਤੇ ਵਸੀ ਹੋਈ ਹੈ, ਜਿਸ ਦੀ ਕੀਮਤ 350 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇੱਥੇ ਯੂਟੀ ਪ੍ਰਸ਼ਾਸਨ ਵੱਲੋਂ ਡਿਸਪੈਂਸਰੀ, ਪ੍ਰਾਇਮਰੀ ਸਕੂਲ, ਕਮਿਊਨਿਟੀ ਸੈਂਟਰ ਅਤੇ ਇੱਕ ਸ਼ਾਪਿੰਗ ਕੰਪਲੈਕਸ ਦੀ ਉਸਾਰੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 23 ਅਪਰੈਲ ਨੂੰ ਇੰਡਸਟਰੀਏਲ ਏਰੀਆ ਸਥਿਤ ਸੰਜੇ ਕਲੋਨੀ ਵਿੱਚ ਲਗਭਗ 1,000 ਝੁੱਗੀਆਂ ਢਾਹ ਦਿੱਤੀਆਂ ਸਨ।

ਸ਼ਾਹਪੁਰ ਕਲੋਨੀ ਵਾਸੀਆਂ ਨੇ ਸਾਮਾਨ ਸੰਭਾਲਿਆ

ਯੂਟੀ ਪ੍ਰਸ਼ਾਸਨ ਵੱਲੋਂ ਸ਼ਾਹਪੁਰ ਕਲੋਨੀ ਵਿੱਚ ਕਾਰਵਾਈ ਕੀਤੇ ਜਾਣ ਨੂੰ ਵੇਖਦਿਆਂ ਲੋਕਾਂ ਨੇ ਅੱਜ ਆਪਣਾ ਸਾਮਾਨ ਸੰਭਾਲਨਾ ਸ਼ੁਰੂ ਕਰ ਦਿੱਤਾ ਹੈ। ਸ਼ਾਹਪੁਰ ਕਲੋਨੀ ਦੇ ਵਸਨੀਕ ਆਪਣੇ ਘਰਾਂ ਦਾ ਸਾਮਾਨ ਟੈਂਪੂ ਤੇ ਹੋਰ ਵਾਹਨਾਂ ਰਾਹੀਂ ਦੂਜੀਆਂ ਥਾਵਾਂ ’ਤੇ ਲੈ ਕੇ ਜਾ ਰਹੇ ਸਨ। ਇਸ ਦੌਰਾਨ ਲੋਕਾਂ ਵੱਲੋਂ ਪ੍ਰਸ਼ਾਸਨ ’ਤੇ ਗਰੀਬਾਂ ਨੂੂੰ ਘਰੋਂ ਬੇਘਰ ਕਰਨ ਦੇ ਦੋਸ਼ ਵੀ ਲਗਾਏ ਗਏ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਵਿਕਾਸ ਦੇ ਨਾਮ ’ਤੇ ਗਰੀਬਾਂ ਨੂੰ ਉਜਾੜਿਆ ਜਾ ਰਿਹਾ ਹੈ।

Advertisement
Show comments