ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਫਰਨੀਚਰ ਮਾਰਕੀਟ ’ਚ 116 ਦੁਕਾਨਾਂ ’ਤੇ ਅੱਜ ਚੱਲੇਗਾ ਬੁਲਡੋਜ਼ਰ

ਮਾਰਕੀਟ ਢਾਹੁਣ ਤੋਂ ਪਹਿਲਾਂ ਸਾਰਾ ਦਿਨ ਫਰਨੀਚਰ ਮਾਰਕੀਟ ਵਿੱਚ ਖ਼ਰੀਦਦਾਰਾਂ ਦੀ ਲੱਗੀ ਰਹੀ ਭੀਡ਼
ਫਰਨੀਚਰ ਮਾਰਕੀਟ ਵਿੱਚ ਖ਼ਰੀਦਦਾਰੀ ਦੌਰਾਨ ਦੁਕਾਨਾਂ ਅੱਗੇ ਲੱਗੀ ਲੋਕਾਂ ਦੀ ਭੀੜ। -ਫੋਟੋਆਂ ਰਵੀ ਕੁਮਾਰ
Advertisement

ਯੂਟੀ ਪ੍ਰਸ਼ਾਸਨ ਵੱਲੋਂ ਸੈਕਟਰ-53 ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਬਣੀ ਫਰਨੀਚਰ ਮਾਰਕੀਟ ਨੂੰ ਭਲਕੇ ਐਤਵਾਰ ਸਵੇਰੇ ਢਾਹ ਦਿੱਤਾ ਜਾਵੇਗਾ। ਯੂਟੀ ਪ੍ਰਸ਼ਾਸਨ ਵੱਲੋਂ 116 ਨਾਜਾਇਜ਼ ਦੁਕਾਨਾਂ ਨੂੰ ਢਾਹੁਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਫਰਨੀਚਰ ਮਾਰਕੀਟ ਢਾਹੁਣ ਤੋਂ ਪਹਿਲਾਂ ਸਸਤੇ ਭਾਅ ’ਤੇ ਸਾਮਾਨ ਮਿਲਣ ਦੀ ਉਮੀਦ ਵਿੱਚ ਅੱਜ ਸਾਰਾ ਦਿਨ ਫਰਨੀਚਰ ਮਾਰਕੀਟ ਵਿੱਚ ਖ਼ਰੀਦਦਾਰਾਂ ਦੀ ਭੀੜ ਲੱਗੀ ਰਹੀ ਅਤੇ ਲੋਕ ਸਾਰਾ ਦਿਨ ਫਰੀਨਚਰ ਦੀ ਖ਼ਰੀਦਦਾਰੀ ਕਰਦੇ ਨਜ਼ਰ ਆਏ। ਫਰਨੀਚਰ ਮਾਰਕੀਟ ਵਿੱਚ ਵੱਡੀ ਗਿਣਤੀ ਵਿੱਚ ਖ਼ਰੀਦਦਾਰਾਂ ਦੇ ਪਹੁੰਚਣ ਕਰਕੇ ਸਾਰਾ ਦਿਨ ਟਰੈਫ਼ਿਕ ਜਾਮ ਲੱਗਿਆ ਰਿਹਾ।

ਫਰਨੀਚਰ ਮਾਰਕੀਟ ਵਿੱਚੋਂ ਫਰਨੀਚਰ ਦੀ ਖ਼ਰੀਦੋ-ਫਰੋਖ਼ਤ ਕਰਦੇ ਹੋਏ ਲੋਕ।

ਚੰਡੀਗੜ੍ਹ ਦੇ ਸੈਕਟਰ-15 ਦੇ ਵਸਨੀਕ ਮਨਿੰਦਰ ਸਿੰਘ ਨੇ ਕਿਹਾ ਕਿ ਉਹ ਸੋਫਾ ਸੈੱਟ ਖ਼ਰੀਦਣ ਲਈ ਫਰਨੀਚਰ ਮਾਰਕੀਟ ਵਿੱਚ ਆਇਆ ਹੈ। ਉਸ ਨੇ ਕਿਹਾ ਕਿ ਸੋਫਾ ਸੈੱਟ ਦੀਆਂ ਕੀਮਤ ਅੱਜ ਆਮ ਦਿਨਾਂ ਦੇ ਮੁਕਾਬਲੇ ਕੁਝ ਘੱਟ ਰਹੀਆਂ। ਇਸੇ ਤਰ੍ਹਾਂ ਪੰਚਕੂਲਾਂ ਦੇ ਰਹਿਣ ਵਾਲੇ ਸੁਰੇਸ਼ ਕੁਮਾਰ ਨੇ ਕਿਹਾ ਕਿ ਅੱਜ ਫਰਨੀਚਰ ਮਾਰਕੀਟ ਵਿੱਚ ਸਾਮਾਨ ਦੀ ਕੀਮਤ ਆਮ ਦਿਨਾਂ ਦੇ ਮੁਕਾਬਲੇ 10 ਤੋਂ 20 ਫ਼ੀਸਦ ਤੱਕ ਘੱਟ ਸਨ। ਦੂਜੇ ਪਾਸੇ ਸਾਮਾਨ ਨੂੰ ਘਰਾਂ ਤੱਕ ਪਹੁੰਚਾਉਣ ਵਾਲੇ ਰੇਹੜੀ ਚਾਲਕਾਂ ਅਤੇ ਟੈਂਪੂ ਦੇ ਭਾੜੇ ਆਮ ਦਿਨਾਂ ਨਾਲੋਂ ਵਧੇ ਹੋਏ ਸਨ। ਫਰਨੀਚਰ ਮਾਰਕੀਟ ਵਿੱਚੋਂ ਸ਼ਹਿਰ ਦੇ ਵਿੱਚ ਹੀ 10 ਤੋਂ 15 ਕਿਲੋਮੀਟਰ ਦੀ ਦੂਰੀ ’ਤੇ ਸਾਮਾਨ ਛੱਡਣ ਦੇ ਬਦਲੇ 800 ਤੋਂ 1200 ਤੇ 1500 ਰੁਪਏ ਤੱਕ ਭਾੜਾ ਮੰਗਿਆ ਜਾ ਰਿਹਾ ਸੀ। ਇਸ ਕਰਕੇ ਲੋਕਾਂ ਨੂੰ ਜ਼ਰੂਰਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ।

Advertisement

ਫਰਨੀਚਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਭੰਡਾਰੀ ਦੇ ਭਰਾ ਰਾਜੀਵ ਭੰਡਾਰੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਫਰੀਨਚਰ ਮਾਰਕੀਟ ’ਤੇ ਬੁਲਡੋਜ਼ਰ ਚਲਾਉਣ ਕਰਕੇ ਅੱਜ ਸਾਰੇ ਦੁਕਾਨਦਾਰਾਂ ਨੂੰ ਬਹੁਤ ਘੱਟ ਕੀਮਤਾਂ ’ਤੇ ਆਪਣਾ ਸਾਮਾਨ ਵੇਚਣ ਲਈ ਮਜ਼ਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਉਹ 40 ਸਾਲਾਂ ਤੋਂ ਇੱਥੇ ਕਾਰੋਬਾਰ ਕਰ ਰਹੇ ਹਨ, ਜਿਸ ਨੂੰ ਪ੍ਰਸ਼ਾਸਨ ਨੇ ਉਜਾੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫਰਨੀਚਰ ਮਾਰਕੀਟ ਵਿੱਚ ਕਾਰੋਬਾਰ ਕਰਨ ਵਾਲੇ ਵਪਾਰੀਆਂ ਵੱਲੋਂ ਪ੍ਰਸ਼ਾਸਨ ਨੂੰ ਲੱਖਾਂ-ਕਰੋੜਾਂ ਰੁਪਏ ਦੇ ਟੈਕਸ ਦਾ ਭੁਗਤਾਨ ਕੀਤਾ ਜਾਂਦਾ ਹੈ। ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕਾਰੋਬਾਰੀਆਂ ਨੂੰ ਉਜਾੜ ਦਿੱਤਾ। ਪ੍ਰਸ਼ਾਸਨ ਦੀ ਕਾਰਵਾਈ ਨਾਲ ਸੈਂਕੜੇ ਵਪਾਰੀਆਂ ਨਾਲ ਜੁੜੇ ਹਜ਼ਾਰਾਂ ਲੋਕਾਂ ਨੂੰ ਘਰ ਚਲਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

ਫਰਨੀਚਰ ਮਾਰਕੀਟ ਵਿੱਚੋਂ ਮੇਜ਼ ਖ਼ਰੀਦ ਕੇ ਲਿਜਾਂਦੇ ਹੋਏ ਨੌਜਵਾਨ।
ਫਰਨੀਚਰ ਮਾਰਕੀਟ ਵਿੱਚੋਂ ਸਾਮਾਨ ਖ਼ਰੀਦ ਕੇ ਘਰਾਂ ਨੂੰ ਲਿਜਾਂਦੇ ਹੋਏ ਲੋਕ।

ਸਖ਼ਤ ਸੁਰੱਖਿਆ ਹੇਠ ਸਵੇਰੇ 7 ਵਜੇ ਕੀਤੀ ਜਾਵੇਗੀ ਕਾਰਵਾਈ

ਯੂਟੀ ਪ੍ਰਸ਼ਾਸਨ ਨੇ ਫਰਨੀਚਰ ਮਾਰਕੀਟ ਵਿੱਚ ਸਥਿਤ 116 ਦੁਕਾਨਾਂ ਨੂੰ ਢਾਹੁਣ ਦੀ ਸਾਰੀਆਂ ਤਿਆਰੀਆਂ ਖਿੱਚ ਲਈਆਂ ਹਨ। ਪ੍ਰਸ਼ਾਸਨ ਵੱਲੋਂ ਐਤਵਾਰ ਨੂੰ ਸਵੇਰੇ 7 ਵਜੇ ਇਕ ਹਜ਼ਾਰ ਦੇ ਕਰੀਬ ਪੁਲੀਸ ਮੁਲਾਜ਼ਮਾਂ ਦੀ ਸੁਰੱਖਿਆ ਹੇਠ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਲਈ ਫਾਇਰ ਬ੍ਰਿਗੇਡ, ਨਗਰ ਨਿਗਮ, ਸਿਹਤ ਤੇ ਹੋਰਨਾਂ ਵਿਭਾਗਾਂ ਦੀਆਂ ਟੀਮਾਂ ਵੀ ਮੌਜੂਦ ਰਹਿਣਗੀਆਂ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਸਾਲ 2002 ਵਿੱਚ ਸੈਕਟਰ 53, 54 ਅਤੇ 55 ਦੇ ਤੀਜੇ ਪੜਾਅ ਦੇ ਵਿਕਾਸ ਲਈ ਕੁੱਲ 227.22 ਏਕੜ ਜ਼ਮੀਨ ਐਕੁਆਇਰ ਕੀਤੀ ਸੀ। ਇਸ ਵਿੱਚ ਕਜਹੇੜੀ ਦੀ 114.43 ਏਕੜ, ਬਡਹੇੜੀ ਦੀ 69.79 ਏਕੜ ਅਤੇ ਪਲਸੋਰਾ ਦੀ 43 ਏਕੜ ਜ਼ਮੀਨ ਸ਼ਾਮਲ ਹਨ। ਪ੍ਰਸ਼ਾਸਨ ਨੇ ਅਸਲ ਜ਼ਮੀਨ ਮਾਲਕਾਂ ਨੂੰ ਮੁਆਵਜ਼ਾ ਦੇ ਨਾਲ-ਨਾਲ ਵਧਾਇਆ ਗਿਆ ਮੁਆਵਜ਼ਾ ਵੀ ਦਿੱਤਾ ਗਿਆ ਸੀ। ਸਾਰੀ ਜ਼ਮੀਨ ਐਕੁਆਇਰ ਕਰਨ ਦੇ ਬਾਵਜੂਦ ਮਾਰਕੀਟ ਵਿੱਚ 15 ਏਕੜ ਜ਼ਮੀਨ ’ਤੇ ਦੁਕਾਨਦਾਰਾਂ ਦਾ ਕਬਜ਼ਾ ਰਹਿ ਗਿਆਸੀ। ਪ੍ਰਸ਼ਾਸਨ ਨੇ 22 ਜੂਨ 2024 ਨੂੰ ਫਰਨੀਚਰ ਮਾਰਕੀਟ ਨੂੰ ਇੱਕ ਨੋਟਿਸ ਜਾਰੀ ਕੀਤਾ ਸੀ, ਜਿਸ ਵਿੱਚ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਢਾਹ ਕੇ ਸਰਕਾਰੀ ਜ਼ਮੀਨ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।

Advertisement