ਚੰਡੀਗੜ੍ਹ ਸ਼ਹਿਰ ਦੀ ਆਖਰੀ ਝੁੱਗੀ-ਝੌਂਪੜੀ ਕਲੋਨੀ ’ਤੇ ਚੱਲਿਆ ਬੁਲਡੋਜ਼ਰ
ਯੂਟੀ ਅਸਟੇਟ ਦਫ਼ਤਰ ਦੇ ਐਨਫੋਰਸਮੈਂਟ ਵਿੰਗ ਨੇ ਅੱਜ ਸਵੇੇਰੇ ਸੈਕਟਰ 38 ਵੈਸਟ ਦੀ ਸ਼ਾਹਪੁਰ ਕਲੋਨੀ ਨੂੰ ਢਾਹੁਣ ਲਈ ਕਾਰਵਾਈ ਸ਼ੁਰੂ ਕੀਤੀ। ਇਹ ਸ਼ਹਿਰ ਦੀ ਆਖਰੀ ਝੁੱਗੀ ਝੌਂਪੜੀਆਂ ਵਾਲੀ ਕਲੋਨੀ ਹੈ, ਜਿਸ ’ਤੇ ਲੋਕਾਂ ਨੇ ਗੈਰਕਾਨੂੰਨੀ ਤੌਰ ’ਤੇ ਕਬਜ਼ਾ ਕੀਤਾ ਹੋਇਆ ਹੈ। ਐਨਫੋਰਸਮੈਂਟ ਵਿੰਗ ਦੇ ਅਧਿਕਾਰੀ ਨੇ ਦੱਸਿਆ ਕਿ ਮੁਹਿੰਮ ਸਵੇਰੇ 7 ਵਜੇ ਦੇ ਕਰੀਬ ਸ਼ੁਰੂ ਕੀਤੀ ਗਈ ਸੀ ਅਤੇ ਕਾਰਵਾਈ ਅਜੇ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਝੌਂਪੜੀਆਂ ਨੂੰ ਹਟਾ ਦਿੱਤਾ ਗਿਆ ਹੈ।
ਇਸ ਝੁੱਗੀ-ਝੌਂਪੜੀ ਨੂੰ ਢਾਹੁਣ ਤੋਂ ਬਾਅਦ, ਚੰਡੀਗੜ੍ਹ ਭਾਰਤ ਦਾ ਪਹਿਲਾ ਝੁੱਗੀ-ਝੌਂਪੜੀ-ਮੁਕਤ ਸ਼ਹਿਰ ਬਣ ਜਾਵੇਗਾ।
ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਲੰਘੇ ਦਿਨ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ। ਇਸ ਮੁਹਿੰਮ ਤਹਿਤ ਸਰਕਾਰੀ ਜ਼ਮੀਨ ’ਤੇ ਬਣੀਆਂ ਕਰੀਬ 500 ਝੌਂਪੜੀਆਂ ਨੂੰ ਹਟਾਇਆ ਜਾ ਰਿਹਾ ਹੈ। ਅਮਨ ਕਾਨੂੰਨ ਬਣਾਈ ਰੱਖਣ ਅਤੇ ਹਜੂਮ ਨੂੰ ਕਾਬੂ ਕਰਨ ਲਈ 500 ਪੁਲੀਸ ਮੁਲਾਜ਼ਮਾਂ ਨੂੰ ਮੌਕੇ 'ਤੇ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੇਸੀਬੀ ਅਤੇ ਪੋਰਸਿਲੇਨ ਮਸ਼ੀਨਾਂ ਨਾਲ ਲੈਸ ਅੱਠ ਸਮਰਪਿਤ ਟੀਮਾਂ ਦੀ ਮਦਦ ਲਈ ਜਾ ਰਹੀ ਹੈ। ਸ਼ਾਹਪੁਰ ਕਲੋਨੀ ਤੋਂ ਨਾਜਾਇਜ਼ ਕਬਜ਼ੇ ਹਟਾਉਣ ਮਗਰੋਂ ਭਵਿੱਖ ਵਿੱਚ ਕਿਸੇ ਵੀ ਕਬਜ਼ੇ ਨੂੰ ਰੋਕਣ ਲਈ ਐਕੁਆਇਰ ਕੀਤੀ ਜ਼ਮੀਨ ਦੀ ਸਹੀ ਵਾੜ ਵੀ ਯਕੀਨੀ ਬਣਾਈ ਜਾਵੇਗੀ।
ਕਿਸੇ ਵੀ ਮੈਡੀਕਲ ਜਾਂ ਹੰਗਾਮੀ ਹਾਲਾਤ ਨਾਲ ਨਜਿੱਠਣ ਵਾਸਤੇ ਡਾਕਟਰਾਂ, ਪੈਰਾ ਮੈਡੀਕਲ ਸਟਾਫ਼ ਅਤੇ ਐਂਬੂਲੈਂਸਾਂ ਵਾਲੀਆਂ ਮੈਡੀਕਲ ਟੀਮਾਂ ਨੂੰ ਮੌਕੇ 'ਤੇ ਤਾਇਨਾਤ ਕੀਤਾ ਗਿਆ ਹੈ। ਜ਼ਿਆਦਾਤਰ ਗੈਰ-ਕਾਨੂੰਨੀ ਕਾਬਜ਼ਕਾਰਾਂ ਨੇ ਪਹਿਲਾਂ ਹੀ ਆਪਣਾ ਸਮਾਨ ਹਟਾ ਦਿੱਤਾ ਹੈ ਅਤੇ ਜ਼ਮੀਨ ਖਾਲੀ ਕਰ ਦਿੱਤੀ ਹੈ। ਕਲੋਨੀ ਦੇ ਕਰੀਬ 70 ਪਰਿਵਾਰਾਂ ਨੂੰ ਪੁਨਰਵਾਸ ਯੋਜਨਾ ਤਹਿਤ ਯੋਗ ਪਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਛੋਟੇ ਫਲੈਟ ਅਲਾਟ ਕੀਤੇ ਗਏ ਹਨ। ਲਗਪਗ 6 ਏਕੜ ਵਿੱਚ ਫੈਲੀ ਤੇ 500 ਝੁੱਗੀਆਂ ਵਾਲੀ ਝੁੱਗੀ ਬਸਤੀ ਵਿੱਚ ਲਗਪਗ 2,000 ਲੋਕ ਰਹਿੰਦੇ ਹਨ। ਯੂਟੀ ਪ੍ਰਸ਼ਾਸਨ ਨੇ ਹੁਣ ਤੱਕ ਸ਼ਹਿਰ ਦੀਆਂ 19 ਝੁੱਗੀਆਂ ਬਸਤੀਆਂ ਵਿੱਚੋਂ 18 ਨੂੰ ਢਾਹ ਦਿੱਤਾ ਹੈ ਅਤੇ 20,000 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਵਾਲੀ 500 ਏਕੜ ਤੋਂ ਵੱਧ ਜ਼ਮੀਨ ਮੁੜ ਪ੍ਰਾਪਤ ਕੀਤੀ ਹੈ।
ਇਸ ਤੋਂ ਪਹਿਲਾਂ 19 ਜੂਨ ਨੂੰ ਯੂਟੀ ਪ੍ਰਸ਼ਾਸਨ ਨੇ ਸੈਕਟਰ 53 ਅਤੇ 54 ਦੇ ਵਿਚਕਾਰ ਸਥਿਤ ਆਦਰਸ਼ ਕਲੋਨੀ ਵਿਚ ਝੁੱਗੀ-ਝੌਂਪੜੀਆਂ ਢਾਹ ਕੇ ਕਰੀਬ 12 ਏਕੜ ਸਰਕਾਰੀ ਜ਼ਮੀਨ ਖਾਲੀ ਕਰਵਾਈ ਸੀ। ਪ੍ਰਸ਼ਾਸਨ ਨੇ 6 ਮਈ ਨੂੰ ਸੈਕਟਰ 25 ਵਿੱਚ ਜਨਤਾ ਕਲੋਨੀ ਵਿਚ ਲਗਪਗ 2,500 ਢਾਂਚਿਆਂ ਨੂੰ ਹਟਾ ਦਿੱਤਾ ਸੀ ਅਤੇ 350 ਕਰੋੜ ਰੁਪਏ ਦੀ ਕੀਮਤ ਵਾਲੀ 10 ਏਕੜ ਸਰਕਾਰੀ ਜ਼ਮੀਨ ਨੂੰ ਕਬਜ਼ਾਮੁਕਤ ਕੀਤਾ ਸੀ।