ਕਲੌਲੀ ਚੋਅ ਦੇ ਪੁਲ ਨੇੜੇ ਬੰਨ੍ਹ ’ਚ ਪਾੜ
ਪਿੰਡ ਕਲੌਲੀ ਵਿੱਚ ਕਲੌਲੀ-ਮੋਟੇਮਾਜਰਾ ਸੰਪਰਕ ਸੜਕ ’ਤੇ ਚੰਡੀਗੜ੍ਹ ਤੋਂ ਆਉਂਦੇ ਚੋਅ ’ਤੇ ਪੁਲ ਨੇੜੇ ਬੰਨ੍ਹ ਵਿੱਚ ਖਾਰ ਪੈ ਗਈ ਅਤੇ ਪਾਣੀ ਨੇ ਪੁਲ ਦੇ ਨੇੜੇ ਵੀ ਬੰਨ੍ਹ ਵਿੱਚ ਪਾੜ ਪਾ ਦਿੱਤਾ। ਪਿੰਡ ਵਾਸੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਚੋਅ ਵਿੱਚ ਪਾਣੀ ਆਉਣ ’ਤੇ ਵੱਡਾ ਨੁਕਸਾਨ ਹੋ ਸਕਦਾ ਹੈ। ਪਿੰਡ ਦੇ ਸਰਪੰਚ ਸਰੂਪ ਸਿੰਘ, ਸਤਪਾਲ ਸਿੰਘ, ਬਲਬੀਰ ਸਿੰਘ, ਸੰਤ ਸਿੰਘ, ਪੂਰਨ ਲਾਲ ਆਦਿ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਚੋਅ ਵਿੱਚ ਚੰਡੀਗੜ੍ਹ ਤੋਂ ਕਾਫ਼ੀ ਜ਼ਿਆਦਾ ਪਾਣੀ ਆਉਣ ਕਾਰਨ ਪੁਲ ਨੇੜੇ ਵੱਡੀ ਖਾਰ ਪੈ ਗਈ ਜਿਸ ਕਾਰਨ ਲਗਾਤਾਰ ਖਹਿ ਕੇ ਚੱਲ ਰਹੇ ਚੋਅ ਦੇ ਪਾਣੀ ਨਾਲ ਬੰਨ੍ਹ ਦੀ ਮਿੱਟੀ ਖੁਰ ਰਹੀ ਹੈ ਅਤੇ ਇਸ ਦਾ ਵਹਾਅ ਪਿੰਡ ਦੇ ਨੇੜੇ ਹੋਣ ਕਾਰਨ ਪਿੰਡ ਨੂੰ ਵੱਡਾ ਖਤਰਾ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਬੰਧਿਤ ਅਧਿਕਾਰੀਆਂ ਤੇ ਡਰੇਨਜ਼ ਵਿਭਾਗ ਦੇ ਐਕਸੀਅਨ ਨੂੰ ਵੀ ਇਸ ਮਾਮਲੇ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਮੁਹਾਲੀ ਦੀ ਡਿਪਟੀ ਕਮਿਸ਼ਨਰ ਤੋਂ ਤੁਰੰਤ ਮਾਮਲੇ ਵਿਚ ਦਖ਼ਲ ਦੀ ਮੰਗ ਕਰਦਿਆਂ ਬੰਨ੍ਹ ਦੀ ਫੌਰੀ ਮੁਰੰਮਤ ਕਰਨ ਦੀ ਮੰਗ ਕੀਤੀ ਹੈ।
ਜਦੋਂ ਇਸ ਸਬੰਧੀ ਡਰੇਨਜ਼ ਵਿਭਾਗ ਦੇ ਜੇਈ ਚੇਤਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਮੌਕਾ ਵੇਖ ਲਿਆ ਹੈ ਤੇ ਕੱਲ੍ਹ ਤੋਂ ਬੰਨ੍ਹ ’ਤੇ ਪਏ ਪਾੜ ਨੂੰ ਪੂਰਨ ਲਈ ਕਾਰਵਾਈ ਆਰੰਭ ਦਿੱਤੀ ਜਾਵੇਗੀ।