ਕਿਤਾਬ ‘ਸਿਰਜਨ ਕੇ ਸਿਖ਼ਰ’ ਲੋਕ ਅਰਪਣ
ਚੰਡੀਗੜ੍ਹ (ਹਰਦੇਵ ਚੌਹਾਨ): ਸਾਹਿਤਕਾਰ, ਚਿੰਤਕ ਤੇ ਪੱਤਰਕਾਰ ਡਾ. ਚੰਦਰ ਤ੍ਰਿਖਾ ਦਾ 80ਵੇਂ ਜਨਮ ਦਿਨ ਮਨਾਉਣ ਲਈ ਪੰਜਾਬ ਕਲਾ ਭਵਨ ਵਿੱਚ ‘ਸਿਰਜਨ ਕੇ ਸਿਖ਼ਰ-ਡਾ. ਚੰਦਰ ਤ੍ਰਿਖਾ: ਵੰਦਨ ਅਭਿਨੰਦਨ’ ਨਾਮਕ ਕਿਤਾਬ ਗੀਤਾ ਮਨੀਸ਼ੀ ਮਹਾਮੰਡਲੇਸ਼ਵਰ ਸਵਾਮੀ ਗਿਆਨਾਨੰਦ ਮਹਾਰਾਜ ਵੱਲੋਂ ਰਿਲੀਜ਼ ਕੀਤੀ ਗਈ। ਹਰਿਆਣਾ ਦੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਰਾਜੇਸ਼ ਖੁੱਲਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਹਰਿਆਣਾ ਸਾਹਿਤ ਅਤੇ ਸੱਭਿਆਚਾਰ ਅਕਾਦਮੀ ਦੇ ਕਾਰਜਕਾਰੀ ਉਪ ਪ੍ਰਧਾਨ ਪ੍ਰੋਫੈਸਰ ਕੁਲਦੀਪ ਚੰਦ ਅਗਨੀਹੋਤਰੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਮੁੱਖ ਮਹਿਮਾਨ ਸਵਾਮੀ ਗਿਆਨਾਨੰਦ ਮਹਾਰਾਜ ਨੇ ਕਿਹਾ ਕਿ ਡਾ. ਤ੍ਰਿਖਾ ਵਰਗੇ ਵਿਚਾਰਸ਼ੀਲ ਲੇਖਕ ਦਾ ਜੀਵਨ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ। ਆਲੋਚਕ ਡਾ. ਲਾਲਚੰਦ ਗੁਪਤਾ ਤੇ ਆਰ ਵਿਮਲਾ ਰੈਜ਼ੀਡੈਂਟ ਕਮਿਸ਼ਨਰ ਮਹਾਰਾਸ਼ਟਰ ਸਦਨ ਨੇ ਕਿਹਾ ਕਿ ਡਾ. ਤ੍ਰਿਖਾ ਨੇ ਪੱਤਰਕਾਰੀ ਤੇ ਲੇਖਣੀ ਰਾਹੀਂ ਸਮਾਜ ਵਿੱਚ ਸਕਾਰਾਤਮਕ ਰਵੱਈਏ ਨੂੰ ਉਤਸ਼ਾਹਿਤ ਕੀਤਾ ਹੈ। ਇਸ ਮੌਕੇ ਡਾ. ਸਮ੍ਰਿਤੀ ਵਸ਼ਿਸ਼ਟ, ਪੱਤਰਕਾਰ ਅਤੇ ਚਿੰਤਕ ਓਮਕਾਰ ਚੌਧਰੀ, ਸਾਹਿਤਕਾਰ ਡਾ. ਸ਼ਮੀਮ ਸ਼ਰਮਾ, ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਮਾਧਵ ਕੌਸ਼ਿਕ, ਸੁਮੇਧਾ ਕਟਾਰੀਆ ਤੇ ਡਾ. ਅਰਚਨਾ ਕਟਾਰੀਆ ਨੇ ਵੀ ਸੰਬੋਧਨ ਕੀਤਾ।