ਕਿਸਾਨ ਅੰਦੋਲਨ ’ਤੇ ਪੁਸਤਕ ‘ਫਾਰਮਰ ਪ੍ਰੋਟੈਸਟ’ ਲੋਕ ਅਰਪਣ
ਸਾਲ 2020-21 ਦੇ ਅੰਦੋਲਨ ਦੇ ਨਾਲ-ਨਾਲ 19ਵੀਂ ਤੇ 20ਵੀਂ ਸਦੇ ਦੇ ਕਿਸਾਨ ਸੰਘਰਸ਼ ਬਾਰੇ ਪਾਇਆ ਚਾਨਣਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਜੁਲਾਈ
ਖੇਤੀ ਬਾੜੀ ਖੇਤਰ ਦੇ ਮਾਹਿਰ ਪੀ. ਸਾਈਨਾਥ ਦੀ ਸੰਸਥਾ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ (ਪਾਰੀ) ਦੀ ਪ੍ਰਬੰਧਕੀ ਸੰਪਾਦਕ ਅਤੇ ਪ੍ਰਸਿੱਧ ਲੇਖਕ ਨਮਿਤਾ ਵਾਇਕਰ ਵੱਲੋਂ ਕਿਸਾਨ ਅੰਦੋਲਨ ’ਤੇ ਲਿਖੀ ਗਈ ਪੁਸਤਕ ‘ਫਾਰਮਰ ਪ੍ਰੋਟੈਸਟ’ ਅੱਜ ਲੋਕ ਅਰਪਣ ਕੀਤੀ ਗਈ। ਇਸ ਮੌਕੇ ਨਾਟਕਕਾਰ ਅਤੇ ਲੇਖਕ ਡਾ. ਸਵਰਾਜਬੀਰ ਅਤੇ ਨਿਰੂਪਮਾ ਦੱਤ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੁਸਤਕ ‘ਫਾਰਮਰ ਪ੍ਰੋਟੈਸਟ’ ਦੀ ਘੁੰਡ ਚੁਕਾਈ ਕੀਤੀ ਹੈ। ਇਸ ਤੋਂ ਬਾਅਦ ਡਾ. ਸਵਰਾਜਬੀਰ ਤੇ ਲੇਖਿਕਾ ਨਮਿਤਾ ਵਾਇਕਰ ਵੱਲੋਂ ਪੁਸਤਕ ‘ਫਾਰਮਰ ਪ੍ਰੋਟੈਸਟ’ ਬਾਰੇ ਵਿਚਾਰ-ਚਰਚਾ ਕੀਤੀ ਗਈ। ਨਮਿਤਾ ਵਾਇਕਰ ਨੇ ਪੁਸਤਕ ਵਿੱਚ ਸਾਲ 2020-21 ਵਿੱਚ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਹੋਏ ਕਿਸਾਨੀ ਸੰਘਰਸ਼ ਦੀ ਗਾਥਾ ਹੈ। ਇਸ ਦੇ ਨਾਲ ਹੀ ਪੁਸਤਕ ਵਿੱਚ 19ਵੀਂ ਤੇ 20ਵੀਂ ਸਦੀ ਦੇ ਕਿਸਾਨ ਸੰਘਰਸ਼ ਦਾ ਜ਼ਿਕਰ ਵੀ ਕੀਤਾ ਗਿਆ ਹੈ।
ਲੇਖਿਕਾ ਨਮਿਤਾ ਵਾਇਕਰ ਨੇ ਕਿਹਾ ਕਿ ਭਾਰਤ ਵਿੱਚ ਕਿਸਾਨਾਂ ਨੂੰ ਪਿਛਲੀ ਦੋ ਸਦੀਆਂ ਤੋਂ ਆਪਣੇ ਹੱਕਾਂ ਲਈ ਹਮੇਸ਼ਾ ਸੰਘਰਸ਼ ਕਰਨਾ ਪਿਆ ਹੈ ਅਤੇ ਕਿਸਾਨਾਂ ਨੇ ਹਮੇਸ਼ਾ ਹੀ ਆਪਣੇ ਸੰਘਰਸ਼ ਵਿੱਚ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਬਰੂਹਾਂ ’ਤੇ ਲੱਗਿਆ ਕਿਸਾਨ ਅੰਦੋਲਨ ਕੁਝ ਸਮੇਂ ਲਈ ਮੁਅੱਤਲ ਕੀਤਾ ਗਿਆ ਹੈ, ਜੇਕਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਤਾਂ ਇਹ ਮੁੜ ਤੋਂ ਰਫ਼ਤਾਰ ਫੜ ਸਕਦਾ ਹੈ। ਉਨ੍ਹਾਂ ਕਿਹਾ ਕਿ ਪੁਸਤਕ ‘ਫਾਰਮਰ ਪ੍ਰੋਟੈਸਟ’ ਵਿੱਚ ਕਿਸਾਨ ਜਥੇਬੰਦੀਆਂ ਦੀ ਭੂਮਿਕਾ ਅਤੇ ਉਨ੍ਹਾਂ ਨੂੰ ਸੰਘਰਸ਼ ਵਿੱਚ ਆਈਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਨਮਿਤਾ ਵਾਇਕਰ ਨੇ ਕਿਹਾ ਕਿ ਪੁਸਤਕ ਵਿੱਚ ਹਰੇ ਇਨਕਲਾਬ, ਖੇਤੀਬਾੜੀ ਖੇਤਰ ਦੀਆਂ ਮੁਸ਼ਕਲਾਂ, ਜੈਵਿਕ ਖੇਤੀ ਬਾਰੇ ਵੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਖੇਤੀ ਖੇਤਰ ਵਿੱਚ ਪੈਸਟੀਸਾਈਡਸ ਦੀ ਵਰਤੋਂ ਨੂੰ ਸੀਮਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਤੋਂ ਇਲਾਵਾ ਸਾਨੂੰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਮਹਿਲਾ ਕਿਸਾਨਾਂ ਨੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਸਮਾਗਮ ਦੀ ਸ਼ੁਰੂਆਤ ਵਿੱਚ ਪ੍ਰਸਿੱਧ ਲੇਖਕ ਨਿਰੂਪਮਾ ਦੱਤ ਵੱਲੋਂ ਕਿਸਾਨ ਅੰਦੋਲਨ ਬਾਰੇ ਆਪਣੇ ਵਿਚਾਰ ਰੱਖੇ ਗਏ। ਜ਼ਿਕਰਯੋਗ ਹੈ ਕਿ ਨਮਿਤਾ ਵਾਇਕਰ ਨੇ ਪਹਿਲਾਂ ਵੀ ਕਿਸਾਨਾਂ ਬਾਰੇ ‘ਦਿ ਲੌਂਗ ਮਾਰਚ’ ਪੁਸਤਕ ਲਿਖੀ ਹੈ।