ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਰ ਬੀ ਆਈ ’ਚ ਬੰਬ ਮਿਲਣ ਦੀ ਸੂਚਨਾ ‘ਮੌਕ ਡਰਿੱਲ’

ਦਿੱਲੀ ਬੰਬ ਧਮਾਕੇ ਤੋਂ ਬਾਅਦ ਚੰਡੀਗਡ਼੍ਹ ਪੁਲੀਸ ਚੌਕਸ; ਅਮਨ ਤੇ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਮੁਸਤੈਦ
ਰਿਜ਼ਰਵ ਬੈਂਕ ਆਫ ਇੰਡੀਆ ਦੇ ਦਫ਼ਤਰ ਵਿੱਚ ਜਾਂਚ ਕਰਦਾ ਹੋਇਆ ਬੰਬ ਸੁਕਾਇਡ ਅਮਲਾ।
Advertisement

ਕੌਮੀ ਰਾਜਧਾਨੀ ਦਿੱਲੀ ਵਿੱਚ ਲਾਲ ਕਿਲ੍ਹੇ ਨੇੜੇ ਪਿਛਲੇ ਦਿਨੀਂ ਹੋਏ ਬੰਬ ਧਮਾਕੇ ਨੇ ਸਾਰੇ ਦੇਸ਼ ਨੂੰ ਦਹਿਲਾ ਕੇ ਰੱਖ ਦਿੱਤਾ ਹੈ। ਇਸ ਤੋਂ ਬਾਅਦ ਚੰਡੀਗੜ੍ਹ ਪੁਲੀਸ ਨੇ ਸ਼ਹਿਰ ਵਿੱਚ ਚੌਕਸੀ ਵਧਾਈ ਹੋਈ ਹੈ। ਇਸ ਦੇ ਬਾਵਜੂਦ ਸੈਕਟਰ-17 ਸਥਿਤ ਰਿਜ਼ਰਵ ਬੈਂਕ ਆਫ ਇੰਡੀਆ (ਆਰ ਬੀ ਆਈ) ਦੇ ਦਫ਼ਤਰ ਵਿੱਚ ਬੰਬ ਹੋਣ ਦੀ ਸੂਚਨਾ ਪ੍ਰਾਪਤ ਹੋਈ। ਬੰਬ ਬਾਰੇ ਸੂਚਨਾ ਮਿਲਦਿਆਂ ਹੀ ਸੈਕਟਰ-17 ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਚੰਡੀਗੜ੍ਹ ਪੁਲੀਸ ਦੇ ਅਪਰੈਸ਼ਨ ਸੈੱਲ ਦੀ ਟੀਮ ਨੇ ਤੁਰੰਤ ਬੰਬ ਸੁਕਾਇਡ ਤੇ ਡਾਗ ਸੁਕਾਇਡ ਨਾਲ ਸੈਕਟਰ-17 ਪਹੁੰਚ ਕੇ ਮੋਰਚਾ ਸੰਭਾਲ ਲਿਆ। ਪੁਲੀਸ ਨੇ ਆਰ ਬੀ ਆਈ ਦੇ ਦਫ਼ਤਰ ਵਿੱਚ ਜਾਂਚ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਪੁਲੀਸ ਦੀ ਇਹ ਕਾਰਵਾਈ ‘ਮੌਕ ਡਰਿੱਲ’ ਨਿਕਲੀ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲੀਸ ਵੱਲੋਂ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਮੁਸਤੈਦ ਹੋਈ ਪਈ ਹੈ। ਇਸੇ ਤਹਿਤ ਪੁਲੀਸ ਨੇ ਕੰਟਰੋਲ ਰੂਮ ਵਿੱਚ ਆਰ ਬੀ ਆਈ ਦੇ ਦਫ਼ਤਰ ਵਿੱਚ ਬੰਬ ਹੋਣ ਦੀ ਸੂਚਨਾ ਦਿੱਤੀ।

Advertisement

ਚੰਡੀਗੜ੍ਹ ਪੁਲੀਸ ਦੇ ਅਪਰੈਸ਼ਨ ਸੈੱਲ ਦੀ ਟੀਮ ਨੇ ਸੂਚਨਾ ਮਿਲਦਿਆਂ ਹੀ ਸੈਕਟਰ-17 ਸਥਿਤ ਆਰ ਬੀ ਆਈ ਦੇ ਦਫ਼ਤਰ ਨੂੰ ਖਾਲੀ ਕਰਵਾ ਕੇ ਚਾਰੇ ਪਾਸਿਓਂ ਘੇਰ ਲਿਆ। ਇਸ ਮੌਕੇ ਬੰਬ ਸੁਕਾਇਡ ਤੇ ਡਾਗ ਸੁਕਾਇਡ ਦੀ ਟੀਮ ਨੇ ਚੱਪੇ-ਚੱਪੇ ਦੀ ਜਾਂਚ ਕੀਤੀ। ਪੁਲੀਸ ਨੇ ਆਰ ਬੀ ਆਈ ਦੇ ਦਫ਼ਤਰ ਵਿੱਚ ਪਿਛਲੇ ਪਾਸੇ ਖੜੀ ਗੱਡੀ ਵਿੱਚੋਂ ਇਕ ਨਕਲੀ ਬੰਬ ਬਰਾਮਦ ਕੀਤਾ, ਜਿਸ ਨੂੰ ਪੁਲੀਸ ਨੇ ਕਬਜ਼ੇ ਵਿੱਚ ਲੈ ਲਿਆ। ਇਸ ਬੰਬ ਨੂੰ ਪੁਲੀਸ ਨੇ ਸੈਕਟਰ-26 ਸਥਿਤ ਪੁਲੀਸ ਲਾਈਨ ਵਿੱਚ ਨਸ਼ਟ ਕੀਤਾ। ਚੰਡੀਗੜ੍ਹ ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਪੁਲੀਸ ਵੱਲੋਂ ਦਿੱਲੀ ਬੰਬ ਧਮਾਕੇ ਤੋਂ ਬਾਅਦ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ 24 ਘੰਟੇ ਸ਼ਹਿਰ ਵਿੱਚ ਚੌਕਸੀ ਵਰਤੀ ਜਾ ਰਹੀ ਹੈ। ਸ਼ਹਿਰ ਵਿੱਚ ਪੀ ਸੀ ਆਰ ਗੱਡੀਆਂ ਸਾਰੇ ਸੈਕਟਰਾਂ ਵਿੱਚ ਗਸ਼ਤ ਕਰ ਰਹੀਆਂ ਹਨ। ਪੁਲੀਸ ਅਧਿਕਾਰੀ ਨੇ ਲੋਕਾਂ ਨੂੰ ਕਿਸੇ ਵੀ ਅਣਜਾਣ ਵਿਅਕਤੀ ਜਾਂ ਵਸਤੂ ਦਿਖਾਈ ਦੇਣ ’ਤੇ ਤੁਰੰਤ ਪੁਲੀਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ।

Advertisement
Show comments