ਲਾਲੜੂ ਰੇਲਵੇ ਟਰੈਕ ਨੇੜੇ ਅਣਪਛਾਤੇ ਨੌਜਵਾਨ ਦੀ ਮਿਲੀ ਲਾਸ਼
ਅੱਜ ਸਵੇਰੇ ਕਰੀਬ 7.30 ਵਜੇ ਲਾਲੜੂ ਰੇਲਵੇ ਸਟੇਸ਼ਨ ਮਾਸਟਰ ਵੱਲੋਂ ਸੂਚਨਾ ਮਿਲਣ ’ਤੇ ਰੇਲਵੇ ਪੁਲੀਸ ਨੇ ਰੇਲਵੇ ਟਰੈਕ ਨੇੜੇ ਪਈ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ। ਸ਼ੁਰੂਆਤੀ ਜਾਂਚ ਮੁਤਾਬਕ ਮ੍ਰਿਤਕ ਕਿਸੇ ਰੇਲਗੱਡੀ ਤੋਂ ਡਿੱਗ ਕੇ ਹਾਦਸਾਗ੍ਰਸਤ ਹੋਇਆ ਲੱਗਦਾ ਹੈ।
ਤਲਾਸ਼ੀ ਦੌਰਾਨ ਮ੍ਰਿਤਕ ਕੋਲੋਂ 820 ਰੁਪਏ ਨਕਦ, ਦਿੱਲੀ ਤੋਂ ਕਾਲਕਾ ਤੱਕ ਦਾ ਰੇਲਵੇ ਟਿਕਟ ਅਤੇ ਦੋ ਮੋਬਾਇਲ ਫੋਨ ਬਰਾਮਦ ਹੋਏ ਹਨ ਪਰ ਕੋਈ ਪੱਕਾ ਸ਼ਨਾਖਤੀ ਸਬੂਤ ਨਹੀਂ ਮਿਲਿਆ।
ਪੁਲੀਸ ਮੁਤਾਬਕ ਨੌਜਵਾਨ ਦੀ ਉਮਰ 25 ਤੋਂ 30 ਸਾਲ ਦਰਮਿਆਨ ਹੈ। ਸਾਵਲਾ ਰੰਗ, ਫੌਜੀ ਕਟਿੰਗ ਵਾਲ, ਤਿੱਖਾ ਨੱਕ, ਕਰੀਬ 5 ਫੁੱਟ 9 ਇੰਚ ਕੱਦ ਹੈ। ਉਸਦੀ ਸੱਜੀ ਬਾਂਹ ਉੱਤੇ “ਓਮ” ਦਾ ਟੈਟੂ, ਗੁੱਟ ’ਤੇ ਘੜੀ, ਚੇਨ ਤੇ ਗਰਦਨ ਦੇ ਖੱਬੇ ਪਾਸੇ ਉੱਡਦੇ ਪੰਛੀ ਦੀ ਤਸਵੀਰ ਬਣੀ ਹੋਈ ਹੈ।
ਮ੍ਰਿਤਕ ਨੇ ਸਫੇਦ ਐਡੀਡਾਸ ਟੋਪੀ, ਹਰੇ ਰੰਗ ਦੀ ਕਮੀਜ਼, ਕਾਲੀ ਲੋਅਰ ਤੇ ਸਪੋਰਟਸ ਜੁੱਤੇ ਪਾਏ ਹੋਏ ਸਨ। ਰੇਲਵੇ ਪੁਲੀਸ ਚੌਕੀ ਲਾਲੜੂ ਦੇ ਇੰਚਾਰਜ ਮਨੋਹਰ ਲਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਮ੍ਰਿਤਕ ਦੀ ਪਹਿਚਾਣ ਬਾਰੇ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲੀਸ ਨਾਲ ਸੰਪਰਕ ਕਰਨ। ਮ੍ਰਿਤਕ ਦੀ ਲਾਸ ਸ਼ਨਾਖਤ ਲਈ ਸਿਵਲ ਹਸਪਤਾਲ ਡੇਰਾਬਸੀ ਦੇ ਮੁਰਦਾ ਘਰ ਵਿੱਚ ਰਖਵਾ ਦਿੱਤੀ ਗਈ ਹੈ।