ਝਰਮਲ ਨਦੀ ’ਚ ਰੁੜ੍ਹੇ ਕਿਸਾਨ ਦੀ ਲਾਸ਼ ਮਿਲੀ
ਲਾਲੜੂ ਪਿੰਡ ਨੇੜਿਓਂ ਲੰਘਦੀ ਝਰਮਲ ਨਦੀ ਦੇ ਤੇਜ਼ ਵਹਾਅ ਨਾਲ ਰੁੜ੍ਹਨ ਵਾਲੇ 65 ਸਾਲਾ ਵਿਅਕਤੀ ਦੀ ਲਾਸ਼ ਅੱਜ ਸਵੇਰੇ ਪਰਿਵਾਰ ਦੇ ਮੈਂਬਰਾਂ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਨਦੀ ਵਿੱਚੋਂ ਬਾਹਰ ਕੱਢੀ ਗਈ। ਦੱਸਣਯੋਗ ਹੈ ਕਿ ਇਹ ਕਿਸਾਨ ਜਨਕ ਸਿੰਘ ਸੈਣੀ ਪਸ਼ੂਆਂ ਲਈ ਰੇਹੜੇ ’ਤੇ ਕੱਖ ਲੈਣ ਲਈ ਖੇਤਾਂ ਵਿੱਚ ਗਿਆ ਸੀ ਤੇ ਨਦੀ ਦੇ ਤੇਜ਼ ਵਹਾਅ ’ਚ ਹੜ੍ਹ ਗਿਆ ਸੀ। ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਬੀਤੇ ਦਿਨ ਤੋਂ ਕੋਈ ਵੀ ਪ੍ਰਸ਼ਾਸਨ ਤੇ ਸਰਕਾਰ ਦਾ ਨੁਮਾਇੰਦਾ ਉਨ੍ਹਾਂ ਨੂੰ ਪੁੱਛਣ ਤੱਕ ਨਹੀਂ ਆਇਆ ਅਤੇ ਉਹ ਸਾਰੀ ਰਾਤ ਨਦੀ ਵਿੱਚੋਂ ਲਾਸ਼ ਲੱਭਦੇ ਰਹੇ। ਮ੍ਰਿਤਕ ਦੇ ਪੁੱਤਰ ਰਾਕੇਸ਼ ਕੁਮਾਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਸਾਰੀ ਰਾਤ ਨਦੀ ਦੇ ਪਾਣੀ ਵਿੱਚ ਲਾਸ਼ ਲੱਭਦੇ ਰਹੇ, ਜੋ ਅੱਜ ਸਵੇਰੇ ਮਿਲੀ ਹੈ। ਸਰਕਾਰ ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ। ਉਨ੍ਹਾਂ ਵੱਲੋਂ ਰੇਹੜੇ ’ਤੇ ਲੱਦ ਕੇ ਲਾਸ਼ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਕੱਲ ਹੀ ਸਥਾਨਕ ਪੁਲੀਸ ਅਤੇ ਹੋਰ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਸੀ।
ਐੱਨ ਕੇ ਸ਼ਰਮਾ ਵੱਲੋਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ
Advertisementਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਐੱਨਕੇ ਸ਼ਰਮਾ ਨੇ ਕਿਹਾ ਕਿ ਲਾਲੜੂ ਵਿੱਚ ਝਰਮਲ ਨਦੀ ਵਿੱਚ ਆਏ ਹੜ੍ਹ ਦੇ ਪਾਣੀ ਵਿੱਚ ਵਹਿ ਜਾਣ ਕਾਰਨ ਜਿਸ ਵਿਅਕਤੀ ਜਨਕ ਸਿੰਘ ਸੈਣੀ ਦੀ ਮੌਤ ਹੋਈ ਹੈ, ਉਸ ਲਈ ਸਥਾਨਕ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ, ਜਿਨ੍ਹਾਂ ਨੇ ਸਮੇਂ ਸਿਰ ਲੋਕਾਂ ਨੂੰ ਨਦੀ ਵਿੱਚ ਪਾਣੀ ਆਉਣ ਦੀ ਸੂਚਨਾ ਨਹੀਂ ਦਿੱਤੀ ਅਤੇ ਵਿਅਕਤੀ ਦੇ ਹੜ੍ਹ ਜਾਣ ਉਪਰੰਤ ਵੀ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਪਾਣੀ ਵਿੱਚ ਰੁੜ੍ਹੇ ਵਿਅਕਤੀ ਨੂੰ ਲੱਭਣ ਲਈ ਪਰਿਵਾਰ ਵਾਲਿਆਂ ਨੇ ਹੀ ਜਦੋ ਜਹਿਦ ਕੀਤੀ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਗਿਆ। ਸ੍ਰੀ ਸ਼ਰਮਾ ਅੱਜ ਮ੍ਰਿਤਕ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਲਾਲੜੂ ਪਿੰਡ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਪੁੱਜੇ ਸਨ, ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮ੍ਰਿਤਕ ਜਨਕ ਸਿੰਘ ਸੈਣੀ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਵਿੱਤੀ ਮਦਦ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।