ਭਾਜਪਾ ਕਿਸੇ ਪਾਰਟੀ ਨਾਲ ਪੰਜਾਬ ਅੰਦਰ ਗੱਠਜੋੜ ਨਹੀਂ ਕਰੇਗੀ: ਸ਼ਰਮਾ
ਭਾਰਤੀ ਜਨਤਾ ਪਾਰਟੀ ਪੰਜਾਬ ਅੰਦਰ ਕਿਸੇ ਵੀ ਰਾਜਨੀਤਕ ਦਲ ਨਾਲ ਚੋਣ ਸਮਝੌਤਾ ਨਹੀਂ ਕਰੇਗੀ ਤੇ ਇਕੱਲਿਆਂ ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗੀ। ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਵਾਈਸ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਇੱਥੇ ਭਾਜਪਾ ਵੱਲੋਂ ਹਰ ਘਰ ਤਿਰੰਗਾ ਯਾਤਰਾ ਕੱਢਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਡਾ. ਸ਼ਰਮਾ ਨੇ ਆਮ ਆਦਮੀ ਪਾਰਟੀ ’ਤੇ ਦੋਸ਼ ਲਗਾਇਆ ਕਿ ਸੂਬੇ ਅੰਦਰ ਵਿਕਾਸ ਦੀ ਧੀਮੀ ਗਤੀ, ਅਮਨ ਕਾਨੂੰਨ ਦੀ ਮਾੜੀ ਸਥਿਤੀ ਤੇ ਟੁੱਟੀਆਂ ਸੜਕਾਂ ਲਈ ਸੂਬਾ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਉਨ੍ਹਾਂ ਆਖਿਆ ਕਿ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਨੂੰ ਨਮੂਨੇ ਦਾ ਹਲਕਾ ਬਣਾਉਣ ਦਾ ਦਾਅਵਾ ਕਰਨ ਵਾਲੀ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਸ੍ਰੀ ਕੀਰਤਪੁਰ ਸਾਹਿਬ ਤੋਂ ਲੈ ਕੇ ਨੰਗਲ ਤੱਕ ਮੁੱਖ ਮਾਰਗ ਦੀ ਹਾਲਤ ਬੇਹਦ ਤਰਸਯੋਗ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੋਂ ਆਇਆ 8 ਸੌ ਕਰੋੜ ਵਾਪਸ ਪਰਤਣਾ ਤੇ ਇਸੇ ਤਰ੍ਹਾਂ ਸ੍ਰੀ ਕੀਰਤਪੁਰ ਸਾਹਿਬ ਤੋਂ ਨੰਗਲ ਸੜਕ ਦੀ ਮੁਰੰਮਤ ਲਈ ਕੇਂਦਰ ਵੱਲੋਂ ਜਾਰੀ ਹੋਇਆ ਫੰਡ ਦੀ ਅਜੇ ਤੱਕ ਵਰਤਿਆ ਨਾ ਜਾਣਾ ਸਰਕਾਰ ਦੀ ਨਲਾਇਕੀ ਸਾਬਤ ਕਰਦਾ ਹੈ। ਅੱਜ ਭਾਜਪਾ ਵੱਲੋਂ ਡਾ. ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ ਹਰ ਘਰ ਤਿਰੰਗਾ ਯਾਤਰਾ ਗੁਰਦੁਆਰਾ ਸੀਸਗੰਜ ਸਾਹਿਬ ਚੌਂਕ ਤੋਂ ਸ਼ੁਰੂ ਕੀਤੀ ਗਈ ਜੋ ਮੁੱਖ ਬਾਜ਼ਾਰ, ਕਚਹਿਰੀ ਰੋਡ ਤੋਂ ਹੁੰਦੀ ਹੋਈ ਭਗਤ ਰਵਿਦਾਸ ਚੌਂਕ ਵਿਖੇ ਪੁੱਜ ਕੇ ਸੰਪੰਨ ਹੋਈ। ਇਸ ਮੌਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਡਾ. ਪਰਮਿੰਦਰ ਸ਼ਰਮਾ, ਮੰਡਲ ਪ੍ਰਧਾਨ ਰਤਨ ਧਨੇੜਾ, ਕਰਨ ਮਹੇਣ ਤੇ ਠੇਕੇਦਾਰ ਪ੍ਰਿੰਸ ਮੌਜੂਦ ਸਨ।