ਭਾਜਪਾ ਦੇ ਆਗੂਆਂ ਵੱਲੋਂ ਰੁਪਾਨੀ ਨੂੰ ਸ਼ਰਧਾਂਜਲੀਆਂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਜੂਨ
ਪੰਜਾਬ ਭਾਜਪਾ ਨੇ ਅੱਜ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੁਪਾਨੀ ਨੂੰ ਚੰਡੀਗੜ੍ਹ ਵਿੱਚ ਸਥਿਤ ਪੰਜਾਬ ਭਾਜਪਾ ਦੇ ਦਫ਼ਤਰਾਂ ਵਿੱਚ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਹਰਿਆਣਾ ਦੇ ਰਾਜਪਾਲ ਬੰਡੂਰਾ ਦੱਤਾਤ੍ਰੇਅ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਸਣੇ ਭਾਜਪਾ ਨੇਤਾਵਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸ੍ਰੀ ਜਾਖੜ ਨੇ ਕਿਹਾ ਕਿ ਵਿਜੈ ਰੁਪਾਨੀ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਸਨ।
ਸ੍ਰੀ ਸੈਣੀ ਨੇ ਰੁਪਾਨੀ ਨੂੰ ਸਾਦਗੀ ਅਤੇ ਸੇਵਾ ਦੀ ਮੂਰਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਹਰ ਵਰਗ ਦੇ ਹਿੱਤਾਂ ਲਈ ਬੜੇ ਹੀ ਸੁਹਿਰਦ ਸਨ। ਹਰਿਆਣਾ ਦੇ ਰਾਜਪਾਲ ਨੇ ਕਿਹਾ ਕਿ ਭਾਰਤ ਦੇ ਕਿਰਤ ਮੰਤਰੀ ਹੁੰਦਿਆਂ ਇੱਕ ਵਾਰ ਉਨ੍ਹਾਂ ਨੂੰ ਵਿਜੇ ਰੁਪਾਨੀ ਬਤੌਰ ਗੁਜਰਾਤ ਦੇ ਕਿਰਤ ਮੰਤਰੀ ਮਿਲਣ ਆਏ ਸਨ, ਉਸ ਵਕਤ ਉਨ੍ਹਾਂ ਨੇ ਮਜ਼ਦੂਰ ਵਰਗ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਡੂੰਘਾਈ ਨਾਲ ਸਾਂਝਾ ਕੀਤਾ। ਇਸ ਮੌਕੇ ਪੰਜਾਬ ਭਰ ਤੋਂ ਭਾਜਪਾ ਦੇ ਵੱਡੀ ਗਿਣਤੀ ਆਗੂ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਸ੍ਰੀ ਰੁਪਾਨੀ ਦਾ ਪਿਛਲੇ ਦਿਨੀਂ ਅਹਿਮਦਾਬਾਦ ਵਿੱਚ ਵਾਪਰੇ ਜਹਾਜ਼ ਹਾਦਸੇ ਵਿੱਚ ਦਿਹਾਂਤ ਹੋ ਗਿਆ ਸੀ।