ਭਾਜਪਾ ਆਗੂ ਵੱਲੋਂ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ
ਮਕਾਨ ਬਣਾਉਣ ਲਈ ਆਰਥਿਕ ਮਦਦ ਤੇ ਸੀਮਿੰਟ ਦਿੱਤਾ
Advertisement
ਪਿਛਲੇ ਦਿਨੀਂ ਪੰਜਾਬ ਵਿੱਚ ਬਣੀ ਹੜ੍ਹਾਂ ਦੀ ਸਥਿਤੀ ਦੌਰਾਨ ਖਿਜ਼ਰਾਬਾਦ ਦੇ ਦੋ ਪਰਿਵਾਰਾਂ ਦੇ ਮਕਾਨ ਢਹਿ ਗਏ ਸਨ। ਛੱਤ ਤੋਂ ਵਿਰਵੇ ਹੋਏ ਪਰਿਵਾਰਾਂ ਦੀ ਬਾਂਹ ਫੜਦਿਆਂ ਭਾਜਪਾ ਆਗੂ ਰਣਜੀਤ ਸਿੰਘ ਰਾਣਾ ਗਿੱਲ ਨੇ ਦੋਵੇਂ ਪਰਿਵਾਰਾਂ ਨੂੰ ਆਰਥਿਕ ਮਦਦ ਅਤੇ ਸੀਮਿੰਟ ਮੁਹੱਈਆ ਕਰਵਾਇਆ। ਰਣਜੀਤ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ ਦਿਨੀਂ ਭਾਰੀ ਮੀਂਹ ਦੌਰਾਨ ਖਿਜ਼ਰਾਬਾਦ ਦੇ ਦੋ ਪਰਿਵਾਰਾਂ ਦੇ ਘਰ ਢਹਿ ਗਏ ਸਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ।
ਗਿੱਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਟੀਮ ਦੇ ਮੈਂਬਰਾਂ ਨੂੰ ਪੀੜਤ ਪਰਿਵਾਰਾਂ ਦੇ ਘਰ ਭੇਜਿਆ ਅਤੇ ਅਸਲ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮਕਾਨ ਦੀ ਛੱਤ ਡਿੱਗਣ ਕਾਰਨ ਕੁਝ ਪਰਿਵਾਰਕ ਮੈਂਬਰ ਜ਼ਖ਼ਮੀ ਵੀ ਹੋ ਗਏ ਸਨ। ਪਰਿਵਾਰਾਂ ਦੀ ਸਥਿਤੀ ਤੇ ਨੁਕਸਾਨ ਨੂੰ ਦੇਖਦਿਆਂ ਉਨ੍ਹਾਂ ਦੋਵੇਂ ਪਰਿਵਾਰਾਂ ਦੀ ਮਦਦ ਦਾ ਫ਼ੈਸਲਾ ਕੀਤਾ। ਉਨ੍ਹਾਂ ਦੋਵੇਂ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਮਾਇਕ ਮਦਦ ਭੇਟ ਕੀਤੀ ਅਤੇ ਨਾਲ ਹੀ ਸੀਮਿੰਟ ਮੁਹੱਈਆ ਕਰਵਾਇਆ। ਇਸ ਮੌਕੇ ਗੁਰਮੀਤ ਸਿੰਘ ਮੀਤੀ, ਉਜਾਗਰ ਸਿੰਘ, ਪਰਮਜੀਤ ਸਿੰਘ, ਰਣਜੀਤ ਸਿੰਘ, ਸੁਖਦੇਵ ਸਿੰਘ, ਸਤਪਾਲ ਸਿੰਘ ਅਤੇ ਜਸਪਾਲ ਸਿੰਘ ਹਾਜ਼ਰ ਸਨ।
Advertisement
Advertisement