ਸੁਵਿਧਾ ਕੈਂਪ ਲਗਾਉਣ ਆਏ ਭਾਜਪਾ ਆਗੂ ਹਿਰਾਸਤ ’ਚ
ਮੁੱਲਾਂਪੁਰ ਗਰੀਬਦਾਸ ਵਿੱਚ ਖੇੜਾ ਮੰਦਿਰ ਕੋਲ ਕੇਂਦਰੀ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਲਈ ਕੈਂਪ ਲਗਾਉਣ ਜਾ ਰਹੇ ਭਾਜਪਾ ਦੇ ਸੂਬਾਈ ਉਪ-ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਕਮਲਦੀਪ ਸਿੰਘ ਸੈਣੀ, ਸੰਜੀਵ ਖੰਨਾ, ਨਵਾਂ ਗਰਾਉਂ ਭਾਜਪਾ ਮੰਡਲ ਮੁਖੀ ਜੋਗਿੰਦਰ ਪਾਲ ਗੁੱਜਰ, ਜਨਰਲ ਸਕੱਤਰ ਨਰੇਸ਼ ਕੁਮਾਰ ਨਾਡਾ, ਸਾਬਕਾ ਕੌਂਸਲਰ ਸੁਰਿੰਦਰ ਕੁਮਾਰ ਬੱਬਲ, ਜਨਰਲ ਸਕੱਤਰ ਸੰਜੈ ਗੁਪਤਾ, ਕੌਂਸਲਰ ਪ੍ਰਮੋਦ ਕੁਮਾਰ, ਸੰਜੀਵ ਜੌਨੀ, ਮੀਨੂ ਗੁਪਤਾ, ਹਜੂਰਾ ਸਿੰਘ ਬਬਲਾ, ਹਰਵਿੰਦਰ ਕਾਲਾ ਸ਼ਰਮਾ, ਜਗਤਾਰ ਸੈਣੀ, ਚੌਧਰੀ ਬਲਬੀਰ ਬਿੱਲਾ ਕਾਂਸਲ, ਕਰਮ ਸਿੰਘ ਬਿੱਟੂ, ਸ਼ੁਭਮ, ਸਾਹਿਲ, ਦਵੇਸ਼ ਕੋਸ਼ਿਸ਼ ਤੇ ਹੋਰ ਆਗੂਆਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਤੇ ਪੰਜਾਬ ਲੀਗਲ ਸੈੱਲ ਦੇ ਐਡਵੋਕੇਟ ਐੱਨਕੇ ਵਰਮਾ ਨੇ ਮੁੱਲਾਂਪੁਰ ਗਰੀਬਦਾਸ, ਚੰਡੀਗੜ੍ਹ ਚੌਕ ’ਤੇ ਹੋਈਆਂ ਗ੍ਰਿਫ਼ਤਾਰੀਆਂ ਨੂੰ ਲੋਕਤੰਤਰ ਦਾ ਕਤਲ ਦੱਸਦਿਆਂ ਕਿਹਾ ਕਿ ਭਗਵੰਤ ਮਾਨ ਨੇ ਗਰੀਬਾਂ ਦੇ ਢਿੱਡ ’ਤੇ ਲੱਤ ਮਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਲਗਾਏ ਜਾ ਰਹੇ ਕੈਂਪਾਂ ਨੂੰ ਰੋਕਣ ਨਾਲ ਐਮਰਜੈਂਸੀ ਦੇ ਦਿਨਾਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਜ਼ਿੰਮੇਵਾਰੀ ਹੈ ਕਿ ਉਹ ਆਯੁੂਸ਼ਮਾਨ ਭਾਰਤ, ਉੱਜਵਲ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਕਿਸਾਨ ਸਨਮਾਨ ਨਿਧੀ, ਜਲ ਜੀਵਨ ਮਿਸ਼ਨ ਵਰਗੀਆਂ ਯੋਜਨਾਵਾਂ ਦਾ ਲਾਭ ਹਰ ਪੰਜਾਬੀ ਨੂੰ ਪਹੁੰਚਾਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਭਾਜਪਾ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ, ਜੋ ਕਿ ਲੋਕਤੰਤਰ ਦੀਆਂ ਸੀਮਾਵਾਂ ਤੋਂ ਪਰੇ ਹੈ ਅਤੇ ਜੇ ਇਹ ਜ਼ਬਰਦਸਤੀ ਜਾਰੀ ਰਹੀ ਤਾਂ ਭਾਜਪਾ ਪੰਜਾਬ ਵਿੱਚ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਕਰੇਗੀ।