ਆਰਐੱਸਐੱਸ ਦੇ ਇਸ਼ਾਰਿਆਂ ’ਤੇ ਚੱਲ ਰਹੀ ਹੈ ਭਾਜਪਾ: ਵੜਿੰਗ
ਰਾਮ ਸਰਨ ਸੂਦ
ਅਮਲੋਹ, 29 ਮਈ
ਕਾਂਗਰਸ ਪਾਰਟੀ ਵੱਲੋਂ ਅੱਜ ਇਥੇ ਜ਼ਿਲ੍ਹਾ ਪੱਧਰੀ ‘ਸੰਵਿਧਾਨ ਬਚਾਓ’ ਪ੍ਰਭਾਵਸ਼ੈਲੀ ਰੈਲੀ ਨੂੰ ਸੰਬੋਧਨ ਕਰਦਿਆ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਆਰਐੱਸਐੱਸ ਨਾਗਪੁਰ ਤੋਂ ਭਾਜਪਾ ਸਰਕਾਰ ਨੂੰ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਆਰਐੱਸਐੱਸ ਨੇ ਮਹਿਲਾਵਾਂ ਨਾਲ ਵਿਤਕਰਾ ਕਰਦਿਆਂ ਉਸ ਨੂੰ ਮੈਂਬਰ ਤੱਕ ਨਹੀਂ ਬਣਾਇਆ।
ਗਾਂਧੀ ਪਰਿਵਾਰ ਦਾ ਜ਼ਿਕਰ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਕੇਦਰ ਵੱਲੋਂ ਸੀਬੀਆਈ, ਈਡੀ ਅਤੇ ਇਨਕਮ ਟੈਕਸ ਰਾਹੀਂ ਆਪਣੇ ਵਿਰੋਧੀਆਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਪੰਜਾਬ ਦੀ ‘ਆਪ’ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਇਸ ਨੂੰ ਭਾਜਪਾ ਦੀ ‘ਬੀ’ ਟੀਮ ਦੱਸਦਿਆਂ ਕਿਹਾ ਕਿ ਕੇਂਦਰ ਦੇ ਇਸ਼ਾਰੇ ’ਤੇ ਇਨ੍ਹਾਂ ਸੰਵਿਧਾਨ ਨੂੰ ਲੀਰੋ-ਲੀਰ ਕਰਦਿਆਂ ਹੱਕਾਂ ਲਈ ਲੜ੍ਹ ਰਹੇ ਕਿਸਾਨਾਂ ’ਤੇ ਜ਼ੁਲਮ ਢਾਹਿਆ। ਉਨ੍ਹਾਂ ਆਉਣ ਵਾਲੀਆਂ 2027 ਦੀਆਂ ਚੋਣਾਂ ਲਈ ਹੁਣ ਤੋਂ ਹੀ ਤਿਆਰੀਆਂ ਵਿੱਢਣ ਦਾ ਸੱਦਾ ਦਿੰਦਿਆ ਭਰੋਸਾ ਦਿੱਤਾ। ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਦੋਸ਼ ਲਾਇਆ ਕਿ ਭਾਜਪਾ ਏਜੰਸੀਆਂ ਰਾਹੀਂ ਆਪਣੇ ਵਿਰੋਧੀਆਂ ’ਤੇ ਗਲਤ ਢੰਗ ਨਾਲ ਦਬਾਅ ਪਾ ਰਹੀ ਹੈ ਅਤੇ ਅੱਜ ਨਿਆਂ ਪਾਲਿਕਾ ਨੂੰ ਵੀ ਆਜ਼ਾਦਾਨਾ ਕੰਮ ਕਰਨ ਵਿੱਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਸੰਵਿਧਾਨ ਬਚਾਉਂਣ ਲਈ ਕਾਂਗਰਸ ਪਾਰਟੀ ਦਾ ਡਟ ਕੇ ਸਾਥ ਦੇਣ ਦੀ ਅਪੀਲ ਕੀਤੀ। ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਅਤੇ ਰਜਿੰਦਰ ਬਿੱਟੂ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਨੂੰ ਕਾਂਗਰਸ ਨਾਲ ਧੋਖਾ ਕਰਨ ਲਈ ‘ਅੰਕ੍ਰਿਤਘਣ’ ਦੱਸਿਆ ਅਤੇ ਕਿਹਾ ਕਿ ਕਾਂਗਰਸ ਤੋਂ ਸਾਰਾ ਕੁਝ ਹਾਸਲ ਕਰਕੇ ਉਨ੍ਹਾਂ ਆਪਣੀ ਮਾਂ ਪਾਰਟੀ ਨਾਲ ਹੀ ਦਗਾ ਕਮਾਇਆ ਜਿਸ ਲਈ ਲੋਕ ਕਦੇ ਇਨ੍ਹਾਂ ਨੂੰ ਮੁਆਫ਼ ਨਹੀਂ ਕਰਨਗੇ।
ਰੈਲੀ ਦੇ ਮੁੱਖ ਪ੍ਰਬੰਧਕ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਡਾ. ਸਿਕੰਦਰ ਸਿੰਘ, ਜਸਮੀਤ ਸਿੰਘ ਰਾਜਾ, ਐਡਵੋਕੇਟ ਤਜਿੰਦਰ ਸਿੰਘ ਸਲਾਣਾ, ਜਗਬੀਰ ਸਿੰਘ ਸਲਾਣਾ, ਸੰਜੀਵ ਦੱਤਾ, ਰਜਿੰਦਰ ਬਿੱਟੂ, ਹਰਿੰਦਰ ਸਿੰਘ ਭਾਂਬਰੀ, ਜਗਮੀਤ ਸਿੰਘ ਬਾਵਾ, ਸਾਂਸਦ ਗੁਰਜੀਤ ਸਿੰਘ ਔਜਲਾ, ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਨੇ ਸੰਬੋਧਨ ਕੀਤਾ।
