ਬਾਇਓਟੈਕਨੋਲਾਜੀ ਪੈਵਿਲੀਅਨ ਨੂੰ ਬੈਸਟ ਐਵਾਰਡ
ਪੰਚਕੂਲਾ ਵਿਚ ਲੱਗੇ ਇੰਡੀਆ ਇੰਟਰਨੈਸ਼ਨਲ ਸਾਇੰਸ ਮੇਲੇ ਵਿਚ ਕੇਂਦਰ ਸਰਕਾਰ ਦੇ ਬਾਇਓਟੈਕਨਾਲੋਜੀ ਵਿਭਾਗ (ਡੀਬੀਟੀ) ਦੇ ਪੈਵਿਲੀਅਨ ਨੂੰ ਸਰਵੋਤਮ ਪੈਵਿਲੀਅਨ ਦਾ ਐਵਾਰਡ ਮਿਲਿਆ ਹੈ। ਹਰਿਆਣਾ ਦੇ ਰਾਜਪਾਲ ਅਸੀਮ ਕੁਮਾਰ ਘੋਸ਼ ਨੇ ਇਹ ਐਵਾਰਡ ਦਿੱਤਾ।
ਚਾਰ ਦਿਨਾ ਮੇਲੇ ਵਿਚ ਡੀਬੀਟੀ ਦੇ ਬਾਇਓਟੈਕਨਾਲੋਜਖੀ ਇੰਡਸਟਰੀ ਰਿਸਰਚ ਅਸਿਸਟੈਂਟ ਕੌਂਸਲ (BYREC) ਦੇ ਸਟਾਲ ’ਤੇ ਵਿਗਿਆਨ ਪ੍ਰੇਮੀਆਂ, ਵਿਦਿਆਰਥੀਆਂ, ਬੁੱਧੀਜੀਵੀਆਂ, ਕਿਸਾਨਾਂ ਅਤੇ ਅਕਾਦਮਿਕ ਤੇ ਸਨਅਤ ਖੇਤਰ ਨਾਲ ਜੁੜੇ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਸੀਨੀਅਰ ਸਿਟੀਜ਼ਨਜ਼ ਨੇ ਵੀ ਵੱਖ ਵੱਖ ਸਟਾਰਟਅਪ ਦੀ ਜਾਣਕਾਰੀ ਲਈ।
ਦੇਸ਼ ਭਰ ਵਿਚ ਬਾਇਰੇਕ ਦੀ ਆਰਥਿਕ ਮਦਦ ਨਾਲ ਚੱਲ ਰਹੇ ਬਾਇਓਨੈਸਟ ਕੇਂਦਰਾਂ ਬਾਰੇ ਵੀ ਸਟਾਰਟਅਪ ਸ਼ੁਰੂ ਕਰਨ ਵਾਲਿਆਂ ਨੇ ਵੱਡੀ ਦਿਲਚਸਪੀ ਦਿਖਾਈ। ਇਸ ਮੌਕੇ BYREC ਦੇ ਪ੍ਰਬੰਧ ਨਿਰਦੇਸ਼ਕ ਡਾ. ਜਿਤੇਂਦਰ ਕੁਮਾਰ ਨੇ ਕਿਹਾ ਕਿ ਬਾਇਓਟੈਕਨਾਲੋਜੀ ਵਿੱਚ ਖੋਜ ਰਾਹੀਂ ਦੇਸ਼ ਦੀ ਆਰਥਿਕ ਤਰੱਕੀ ਨੂੰ ਨਵੀਂ ਰਫ਼ਤਾਰ ਦੇਣ ਅਤੇ ਬਾਇਓ E3 ਨੀਤੀ ਰਾਹੀਂ 2030 ਤੱਕ ਬਾਇਓਟੈਕਨਾਲੋਜੀ ਅਰਥਚਾਰੇ ਨੂੰ $300 ਬਿਲੀਅਨ ਤੱਕ ਲਿਜਾਣ ਲਈ ਤੇਜ਼ ਰਫ਼ਤਾਰ ਨਾਲ ਕੰਮ ਕੀਤਾ ਜਾ ਰਿਹਾ ਹੈ।
