ਹੋਣਹਾਰ ਵਿਦਿਆਰਥਣਾਂ ਨੂੰ ਸਾਈਕਲ ਦਿੱਤੇ
ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨ ਐੱਚ ਏ ਆਈ) ਨੇ ਪੀ ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਰਤਗੜ੍ਹ ਦੀਆਂ ਵਿਦਿਆਰਥਣਾਂ ਨੂੰ ਸਾਈਕਲ ਦਿੱਤੇ। ਪ੍ਰਿੰਸੀਪਲ ਰਮੇਸ਼ ਕੁਮਾਰ ਨੇ ਦੱਸਿਆ ਕਿ ਜ਼ਰੂਰਤਮੰਦ ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਸਕੂਲ ਜਾਣ ਵਿੱਚ ਮਦਦ ਕਰਨ ਲਈ 55 ਵਿਦਿਆਰਥਣਾਂ ਨੂੰ ਨੈਸ਼ਨਲ ਹਾਈਵੇਅ ਆਫ ਇੰਡੀਆ ਦੇ ਖੇਤਰੀ ਅਧਿਕਾਰੀ ਰਾਕੇਸ਼ ਕੁਮਾਰ ਅਤੇ ਪ੍ਰਾਜੈਕਟ ਡਾਇਰੈਕਟਰ ਆਸ਼ਿਮ ਬਾਂਸਲ ਕਨਸ਼ੈਸ਼ਨਰ ਵੱਲੋਂ ਸਕੂਲ ਪ੍ਰਬੰਧਕਾਂ ਦੇ ਸਹਿਯੋਗ ਨਾਲ ਸਾਈਕਲ ਵੰਡੇ ਗਏ। ਉਨ੍ਹਾਂ ਕੰਪਨੀ ਦੇ ਅਧਿਕਾਰੀਆਂ ਦਾ ਸਕੂਲ ਪ੍ਰਬੰਧਕਾਂ ਵੱਲੋਂ ਧੰਨਵਾਦ ਕੀਤਾ।
ਸਰਵਹਿਤਕਾਰੀ ਸਕੂਲ ਵਿੱਚ ਸਮਾਗਮ
ਖਮਾਣੋ: ਸਰਵਹਿਤਕਾਰੀ ਵਿੱਦਿਆ ਮੰਦਿਰ ਸਕੂਲ ਖਮਾਣੋਂ ਵਿੱਚ ਦੀਵਾਲੀ ਮਨਾਈ ਗਈ। ਸਕੂਲੀ ਬੱਚਿਆਂ ਤੇ ਅਧਿਆਪਕਾਂ ਨੇ ਸਕੂਲ ਵਿੱਚ ਸਜਾਵਟ ਕੀਤੀ। ਬੱਚਿਆਂ ਨੇ ਵੱਖ-ਵੱਖ ਕਲਾਸਾਂ ਵਿੱਚ ਦੀਵੇ ਲਾਉਣ, ਮੋਮਬੱਤੀ ਸਜਾਵਟ, ਕਾਰਡ ਬਣਾਉਣ ਅਤੇ ਰੰਗੋਲੀ ਮੁਕਾਬਲਿਆਂ ਵਿੱਚ ਹਿੱਸਾ ਲਿਆ। ਬੱਚਿਆਂ ਨੇ ਪ੍ਰਿੰਸੀਪਲ ਗੁਰਪ੍ਰੀਤ ਕੌਰ ਤੇ ਅਧਿਆਪਕਾਂ ਨੂੰ ਵਧਾਈ ਸੰਦੇਸ਼ ਵੀ ਦਿੱਤੇ। ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਸਕੂਲ ਦੇ ਸਮੂਹ ਅਧਿਆਪਕਾਂ, ਸੁਸਾਇਟੀ ਦੇ ਮੈਂਬਰਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਰਲ-ਮਿਲ ਕੇ ਤਿਉਹਾਰ ਮਨਾਉਣੇ ਚਾਹੀਦੇ ਹਨ। -ਨਿੱਜੀ ਪੱਤਰ ਪ੍ਰੇਰਕ
ਨੌਜਵਾਨਾਂ ਨੇ ਪੁਰਾਤਨ ਖੂਹ ਨੂੰ ਰੰਗ ਕੀਤਾ
ਨੂਰਪੁਰ ਬੇਦੀ: ਪਿੰਡ ਕਲਵਾਂ ਦੇ ਨੌਜਵਾਨਾਂ ਨੇ ਪੁਰਾਤਨ ਖੂਹ ਨੂੰ ਰੰਗ ਕੀਤਾ। ਬਾਬਾ ਰਮਨ ਸੇਣੀ ਤੇ ਨੌਜਵਾਨ ਰੌਕੀ ਸੋਨੀ, ਅਮਨ ਵਰਮਾ, ਨਿਹਾਲ ਬਾਂਸਲ, ਤਨੁਜ ਰੈਤ, ਸੁਨੀਲ ਵਾਸੂਦੇਵ, ਬੱਬੂ ਭਲਾਣ, ਤਨੂ ਵਾਸੂਦੇਵ, ਅਨੁਰਾਗ ਅਵਰੋਲ, ਪੱਪੀ ਫ਼ੌਜੀ, ਅਮਨ ਸੈਣੀ, ਕਰਨ ਰਾਣਾ, ਸਾਹਿਲ ਭਾਰਦਵਾਜ, ਬਿੰਦੂ ਡੇਅਰੀ ਵਾਲਾ ਅਤੇ ਗੋਰਾ ਵਾਸੂਦੇਵ ਨੇ ਦੱਸਿਆ ਕਿ ਇਹ ਖੂਹ ’ਤੇ ਚਾਰ ਘਿਰੜੀਆਂ ਪਾਣੀ ਭਰਨ ਲਈ ਹੁੰਦੀਆਂ ਸਨ। ਸੰਨ 1947 ਦੀ ਵੰਡ ਤੋਂ ਪਹਿਲਾਂ ਇਸ ਖੂਹ ’ਤੇ ਇੱਕ ਘਿਰੜੀ ’ਤੇ ਮੁਸਲਮਾਨ ਪਾਣੀ ਭਰਦੇ ਸਨ ਅਤੇ ਬਾਕੀਆਂ ’ਤੇ ਹਿੰਦੂ ਤੇ ਸਿੱਖ ਭਾਈਚਾਰੇ ਦੇ ਲੋਕ ਪਾਣੀ ਭਰਦੇ ਸਨ। ਨੌਜਵਾਨਾਂ ਨੇ ਕਿਹਾ ਕਿ ਉਹ ਇਸ ਖੂਹ ਨੂੰ ਪੁਰਾਤਨ ਸਮੇਂ ਦੀ ਨਿਸ਼ਾਨੀ ਵਜੋਂ ਸਾਂਭ ਰਹੇ ਹਨ। -ਪੱਤਰ ਪ੍ਰੇਰਕ
ਰਾਜਪਾਲ ਵੱਲੋਂ ਪ੍ਰਿੰਸੀਪਲ ਭੱਲੜੀ ਦਾ ਸਨਮਾਨ
ਨੰਗਲ: ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਦੇ ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ ਨੂੰ ਸ਼ਲਾਘਾਯੋਗ ਸੇਵਾਵਾਂ ਲਈ ਪੰਜਾਬ ਦੇ ਰਾਜਪਾਲ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਐਪਰੀਸੇਸ਼ਨ ਐਵਾਰਡ ਨਾਲ ਸਨਮਾਨਿਆ ਗਿਆ। ਸ੍ਰੀ ਕਟਾਰੀਆ ਨੇ ਕਿਹਾ ਕਿ ਰੈੱਡ ਕਰਾਸ ਦੀ ਭਾਵਨਾ ਪੰਜਾਬ ਦੀ ਧਰਤੀ ਨਾਲ ਗਹਿਰਾਈ ਨਾਲ ਜੁੜੀ ਹੋਈ ਹੈ, ਜਿਸ ਦੀ ਪ੍ਰੇਰਣਾ ਭਾਈ ਘਨੱਈਆ ਜੀ ਦੇ ਜੀਵਨ ਤੋਂ ਮਿਲਦੀ ਹੈ। ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ ਨੇ ਦੱਸਿਆ ਕਿ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਡਾਇਰੈਕਟਰ ਦੇ ਨਿਰਦੇਸ਼ਾਂ ਅਨੁਸਾਰ ਆਈ ਟੀ ਆਈ ਨੰਗਲ ਵੱਲੋਂ ਪੰਜਾਬ ਰੈੱਡ ਕਰਾਸ ਦੀਆਂ ਸੇਵਾਵਾਂ ’ਚ ਸ਼ਲਾਘਾਯੋਗ ਯੋਗਦਾਨ ਪਾਇਆ ਜਾ ਰਿਹਾ ਹੈ। ਆਈ ਟੀ ਆਈ ਨੰਗਲ ਨੂੰ ਨਮੂਨੇ ਦੀ ਸੰਸਥਾ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। -ਪੱਤਰ ਪ੍ਰੇਰਕ
ਸਾਲਾਨਾ ਸਮਾਗਮ ਦਾ ਕਾਰਡ ਜਾਰੀ
ਅਮਲੋਹ: ਸ੍ਰੀ ਸ਼ਿਆਮ ਪਰਿਵਾਰ ਕਮੇਟੀ ਅਮਲੋਹ ਦੇ ਪ੍ਰਧਾਨ ਦਿਨੇਸ਼ ਗੋਇਲ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਸੰਸਥਾ ਦੇ ਸਾਲਾਨਾ ਸਮਾਗਮ ਦਾ ਕਾਰਡ ਜਾਰੀ ਕੀਤਾ ਗਿਆ ਅਤੇ ਦੋ ਨਵੰਬਰ ਨੂੰ ਹੋਣ ਵਾਲੇ ਸਾਲਾਨਾ ਸਮਾਗਮ ਦੀਆਂ ਤਿਆਰੀਆਂ ਸਬੰਧੀ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਸ੍ਰੀ ਗੋਇਲ ਨੇ ਦੱਸਿਆ ਕਿ ਇਹ ਸਮਾਗਮ ਬੁੱਗਾ ਚੌਕ ਰਾਮ ਮੰਦਰ ਅਮਲੋਹ ਵਿੱਚ ਹੋਵੇਗਾ। ਉਨ੍ਹਾਂ ਲੋਕਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਰੁਪਿੰਦਰ ਜਿੰਦਲ, ਮਨੋਜ ਗੋਇਲ, ਵਿਕਾਸ ਗੋਇਲ, ਮਿੰਕਲ ਗੋਇਲ, ਅਜੇ ਗੋਇਲ, ਵੀਨਸ ਮਿੱਤਲ, ਸੋਨੂੰ ਸ਼ਰਮਾ, ਸੁਖਵਿੰਦਰ ਧੀਮਾਨ ਅਤੇ ਟਿੰਕੂ ਗੋਇਲ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
ਕਾਰ ਚਾਲਕ 102 ਗ੍ਰਾਮ ਅਫੀਮ ਸਣੇ ਗ੍ਰਿਫ਼ਤਾਰ
ਅੰਬਾਲਾ: ਅੰਬਾਲਾ ਪੁਲੀਸ ਦੇ ਐਂਟੀ ਨਾਰਕੋਟਿਕ ਸੈੱਲ ਨੇ ਥਾਣਾ ਨਾਰਾਇਣਗੜ੍ਹ ਖੇਤਰ ’ਚ 102.26 ਗ੍ਰਾਮ ਅਫੀਮ ਸਣੇ ਇੱਕ ਤਸਕਰ ਨੂੰ ਕਾਬੂ ਕੀਤਾ ਹੈ। ਇੰਸਪੈਕਟਰ ਰਿਸ਼ੀ ਪਾਲ ਦੀ ਅਗਵਾਈ ਹੇਠ 18 ਅਕਤੂਬਰ ਨੂੰ ਮਿਲੀ ਖ਼ੁਫ਼ੀਆ ਜਾਣਕਾਰੀ ’ਤੇ ਮਿਲਕ ਮੋਡ ਨਾਰਾਇਣਗੜ੍ਹ ’ਤੇ ਨਾਕਾਬੰਦੀ ਕੀਤੀ ਗਈ ਤੇ ਇੱਕ ਕਾਰ ਰੋਕੀ ਗਈ। ਕਾਰ ਦੀ ਤਲਾਸ਼ੀ ਦੌਰਾਨ ਅਫੀਮ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਅਨੁਰਾਗ ਉਰਫ ਆਂਸ਼ੂ, ਵਾਸੀ ਪਿੰਡ ਮਿਲਕ ਵਜੋਂ ਹੋਈ। ਉਸ ਵਿਰੁੱਧ ਕੇਸ ਦਰਜ ਕਰ ਕੇ ਨਿਆਂਇਕ ਹਿਰਾਸਤ ’ਚ ਭੇਜਿਆ ਗਿਆ ਹੈ। -ਪੱਤਰ ਪ੍ਰੇਰਕ