ਭੁਪਿੰਦਰ ਸਿੰਘ ਨੇ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡੀ
ਹਰਿਆਣਾ ਦੇ ਪਾਣੀਪਤ ਦੇ ਸਾਬਕਾ ਮੇਅਰ ਭੁਪਿੰਦਰ ਸਿੰਘ ਵੱਲੋਂ ਅੱਜ ਸ੍ਰੀ ਆਨੰਦਪੁਰ ਸਾਹਿਬ ਦੇ ਨਜ਼ਦੀਕੀ ਹੜ੍ਹ ਪ੍ਰਭਾਵਿਤ ਪਿੰਡ ਦਸਗਰਾਈਂ ਵਿਖੇ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਅਠਵਾਲ ਤੇ ਡਾ. ਪਰਮਿੰਦਰ ਸ਼ਰਮਾ ਦੇ ਸਹਿਯੋਗ ਨਾਲ ਰਾਹਤ ਸਮੱਗਰੀ ਵੰਡੀ ਗਈ। ਭੁਪਿੰਦਰ ਸਿੰਘ ਨੇ ਦੱਸਿਆ ਕਿ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪਾਣੀਪਤ ਦੇ ਸਮਾਜ ਸੇਵੀਆਂ ਵੱਲੋਂ ਇਹ ਰਾਸ਼ਨ ਅਤੇ ਹੋਰ ਸਾਮਾਨ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਉਕਤ ਪਿੰਡਾਂ ਦੇ ਲੋਕਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ ਉੱਥੇ ਹੀ ਉਨ੍ਹਾਂ ਲਈ ਬਿਸਤਰੇ, ਮੰਜੇ, ਪੀਣ ਵਾਲਾ ਪਾਣੀ, ਗੱਦੇ, ਕੰਬਲ, ਚਾਦਰਾਂ ਆਦਿ ਵੀ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਲਗਾਤਾਰ ਇਹ ਸੱਤਵਾਂ ਟਰੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੜ੍ਹ ਪੀੜਤਾਂ ਲਈ ਪੁੱਜਦਾ ਕੀਤਾ ਗਿਆ ਹੈ। ਭੁਪਿੰਦਰ ਸਿੰਘ ਨੇ ਦੱਸਿਆ ਕਿ ਜਿੱਥੇ ਬੀਤੇ ਦਿਨੀਂ ਸਤਲੁਜ ਦਰਿਆ ਕੰਢੇ ਵੱਸਦੇ ਹੋਰ ਪਿੰਡਾਂ ਵਿੱਚ ਸਾਮਾਨ ਵੰਡਿਆ ਗਿਆ ਉੱਥੇ ਹੀ ਅੱਜ ਦਸਗਰਾਈਂ ਅਤੇ ਪਿੰਡ ਹਰਸਾ ਵੇਲਾ ਵਿਖੇ ਸੌ ਤੋਂ ਵੱਧ ਲੋੜਵੰਦ ਲੋਕਾਂ ਨੂੰ ਸਾਮਾਨ ਦਿੱਤਾ ਗਿਆ ਹੈ। ਜਤਿੰਦਰ ਅਠਵਾਲ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕੀਤਾ।