Bhullar case: ਸੀਬੀਆਈ ਵੱਲੋਂ ਪਟਿਆਲਾ ’ਚ ਬੀਐੱਚ ਪ੍ਰਾਪਰਟੀਜ਼ ਦੇ ਮਾਲਕ ਦੇ ਘਰ ’ਤੇ ਛਾਪਾ
ਰੋਪੜ ਰੇਂਜ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਬਾਰੇ ਕੁਝ ਅਹਿਮ ਜਾਣਕਾਰੀ ਮਿਲਣ ਤੋਂ ਬਾਅਦ ਸੀਬੀਆਈ ਦੀ ਇੱਕ ਟੀਮ ਨੇ ਅੱਜ ਪਟਿਆਲਾ ਵਿੱਚ ਬੀਐੱਚ ਪ੍ਰਾਪਰਟੀਜ਼ ਦੇ ਮਾਲਕ ਭੁਪਿੰਦਰ ਸਿੰਘ ਦੇ ਘਰ ਛਾਪਾ ਮਾਰਿਆ ਹੈ। ਭੁੱਲਰ ਪਹਿਲਾਂ ਹੀ ਸੀਬੀਆਈ ਦੀ ਗ੍ਰਿਫ਼ਤ ਵਿਚ ਹੈ। ਜਾਣਕਾਰੀ ਅਨੁਸਾਰ ਸੀਬੀਆਈ ਦੀ ਟੀਮ ਭੁਪਿੰਦਰ ਸਿੰਘ ਦੇ ਘਰ ਪਹੁੰਚੀ ਤੇ ਉਥੇ ਤਲਾਸ਼ੀ ਲਈ। ਇਸ ਦੌਰਾਨ ਟੀਮ ਨੇ ਕਿਸੇ ਨੂੰ ਵੀ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਸੂਤਰਾਂ ਦਾ ਕਹਿਣਾ ਹੈ ਕਿ ਭੁੱਲਰ ਤੋਂ ਲਗਾਤਾਰ ਪੁੱਛਗਿੱਛ ਅਤੇ ਸੀਬੀਆਈ ਨੂੰ ਮਿਲੇ ਕੁਝ ਦਸਤਾਵੇਜ਼ਾਂ ਵਿਚ ਬੀਐਚ ਪ੍ਰਾਪਰਟੀਜ਼ ਦਾ ਨਾਮ ਸਾਹਮਣੇ ਆਇਆ, ਹਾਲਾਂਕਿ ਅਧਿਕਾਰੀ ਇਸ ਮਾਮਲੇ ’ਤੇ ਚੁੱਪ ਹਨ। ਸੂਤਰਾਂ ਮੁਤਾਬਕ ਬੀਐੱਚ ਪ੍ਰਾਪਰਟੀ ਵਾਲਿਆਂ ਨੇ ਭੁੱਲਰ ਨੂੰ ਬਨੂੜ ਨੇੜੇ ਕੋਈ ਜ਼ਮੀਨ ਦਿਵਾਈ ਸੀ ਜਿਸ ਸਬੰਧੀ ਹੀ ਸੀਬੀਆਈ ਵੱਲੋਂ ਇਹ ਛਾਪਾ ਮਾਰਿਆ ਗਿਆ ਹੈ।
ਸੀਬੀਆਈ ਦੀਆਂ ਟੀਮਾਂ ਨੇ ਅੱਜ ਸਵੇਰੇ 7.30 ਵਜੇ ਦੇ ਕਰੀਬ ਪਟਿਆਲਾ ਦੇ ਮੋਤੀ ਬਾਗ ਸਥਿਤ ਭੁਪਿੰਦਰ ਦੇ ਘਰ ਦਸਤਕ ਦਿੱਤੀ। ਖ਼ਬਰ ਲਿਖੇ ਜਾਣ ਤੱਕ ਤਲਾਸ਼ੀ ਮੁਹਿੰਮ ਜਾਰੀ ਸੀ। ਬੀਐਚ ਪ੍ਰਾਪਰਟੀਜ਼ ਇੱਕ ਜਾਣਿਆ-ਪਛਾਣਿਆ ਪ੍ਰਾਪਰਟੀ ਸਲਾਹਕਾਰ ਅਤੇ ਡੀਲਰ ਹੈ ਜੋ ਪਟਿਆਲਾ ਅਤੇ ਮੁਹਾਲੀ ਵਿੱਚ ਕਈ ਰੀਅਲ ਅਸਟੇਟ ਪ੍ਰੋਜੈਕਟਾਂ ਦਾ ਮਾਲਕ ਹੈ। ਉਸ ਦੇ ਪਟਿਆਲਾ ਅਤੇ ਚੰਡੀਗੜ੍ਹ ਵਿੱਚ ਤਾਇਨਾਤ ਕਈ ਚੋਟੀ ਦੇ ਆਗੂਆਂ, ਅਧਿਕਾਰੀਆਂ ਅਤੇ ਪੁਲੀਸ ਮੁਲਾਜ਼ਮਾਂ ਨਾਲ ਨੇੜਲੇ ਸਬੰਧ ਹਨ।
ਇਹ ਛਾਪਾ ਅਜਿਹੇ ਮੌਕੇ ਮਾਰਿਆ ਗਿਆ ਹੈ ਜਦੋਂ ਅਜੇ ਇਕ ਦਿਨ ਪਹਿਲਾਂ ਮੁਹਾਲੀ ਕੋਰਟ ਨੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰੋਪੜ ਰੇਂਜ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਪੇਸ਼ਗੀ ਵਾਰੰਟ ਜਾਰੀ ਕਰਨ ਸਬੰਧੀ ਅਰਜ਼ੀ ਨੂੰ ‘ਬੇਅਰਥ’ ਦੱਸਿਆ ਹੈ। ਸੀਬੀਆਈ ਨੇ ਕੋਰਟ ਦੇ ਇਸ ਫੈਸਲੇ ਨੂੰ ‘ਆਪਣੀ ਜਾਂਚ ਨੂੰ ਨਿਰਾਸ਼ ਕਰਨ ਦੀ ਕੋਸ਼ਿਸ਼’ ਕਿਹਾ ਸੀ।
ਭੁੱਲਰ ਨੂੰ 31 ਅਕਤੂਬਰ ਨੂੰ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ‘ਰਸਮੀ ਤੌਰ ’ਤੇ ਗ੍ਰਿਫ਼ਤਾਰ’ ਦਿਖਾਇਆ ਗਿਆ ਸੀ, ਜਦੋਂ ਕਿ ਉਸ ਵੇਲੇ ਉਹ ਸੀਬੀਆਈ ਦੀ ‘ਨਿਆਂਇਕ ਹਿਰਾਸਤ’ ਵਿੱਚ ਸੀ।
ਸੀਬੀਆਈ ਨੇ ਭੁੱਲਰ ਨੂੰ 16 ਅਕਤੂਬਰ ਨੂੰ ਦਲਾਲ ਕ੍ਰਿਸ਼ਨੂ ਸ਼ਾਰਦਾ ਜ਼ਰੀਏ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ। ਮਗਰੋਂ ਭੁੱਲਰ ਦੇ ਚੰਡੀਗੜ੍ਹ ਸਥਿਤ ਘਰ ਤੇ ਹੋਰਨਾਂ ਥਾਵਾਂ ’ਤੇ ਮਾਰੇ ਛਾਪੇ ਦੌਰਾਨ ਸੀਬੀਆਈ ਦੀ ਟੀਮ ਨੇ 7.5 ਕਰੋੜ ਰੁਪਏ ਦੀ ਨਗ਼ਦੀ, 2.5 ਕਿਲੋ ਸੋਨੇ ਦੇ ਗਹਿਣੇ, 26 ਲਗਜ਼ਰੀ ਘੜੀਆਂ, ਦੋ ਮਹਿੰਗੀਆਂ ਕਾਰਾਂ, 100 ਲਿਟਰ ਸ਼ਰਾਬ ਅਤੇ 50 ਅਚੱਲ ਜਾਇਦਾਦਾਂ ਨਾਲ ਸਬੰਧਤ ਦਸਤਾਵੇਜ਼ ਬਰਾਮਦ ਕੀਤੇ ਸਨ। ਭੁੱਲਰ ਦੇ ਵਕੀਲ ਨੇ ਹਾਲਾਂਕਿ ਇਨ੍ਹਾਂ ਜ਼ਬਤੀਆਂ ਦਾ ਇਹ ਕਹਿ ਕੇ ਵਿਰੋਧ ਕੀਤਾ ਸੀ ਇਹ ਜੱਦੀ ਜਾਇਦਾਦ ਨਾਲ ਸਬੰਧਤ ਹਨ।
ਪਿਛਲੇ ਪੰਦਰਵਾੜੇ ਦੌਰਾਨ, ਡੀਆਈਜੀ ਵਿਰੁੱਧ ਚਾਰ ਕੇਸ- ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ, ਆਬਕਾਰੀ ਕਾਨੂੰਨ ਅਤੇ ਆਮਦਨ ਤੋਂ ਵੱਧ ਜਾਇਦਾਦ ਨਾਲ ਸਬੰਧਤ ਦੋ ਵੱਖ-ਵੱਖ ਐਫਆਈਆਰ (ਪਹਿਲਾਂ ਸੀਬੀਆਈ ਅਤੇ ਫਿਰ ਵਿਜੀਲੈਂਸ ਬਿਊਰੋ ਵੱਲੋਂ) ਦਰਜ ਕੀਤੇ ਗਏ ਹਨ।
