ਭਾਰਤਮਾਲਾ ਪ੍ਰਾਜੈਕਟ: ਪਿੰਡਾਂ ਦੀਆਂ ਸਰਵਿਸ ਸੜਕਾਂ ’ਤੇ ਲਾਈਟਾਂ ਲਾਉਣ ਦੀ ਮੰਗ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹ ਕਲਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਮੰਗ ਪੱਤਰ ਦਿੱਤਾ ਗਿਆ। ਕਿਸਾਨ ਆਗੂਆਂ ਨੇ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਭਾਰਤਮਾਲਾ ਪ੍ਰਾਜੈਕਟ ਤਹਿਤ ਆਈ ਟੀ ਸਿਟੀ ਦੇ ਦੈੜੀ ਚੌਕ ਤੋਂ ਕੁਰਾਲੀ ਤੱਕ ਬਣਾਏ ਜਾ ਰਹੇ ਮਾਰਗ ’ਤੇ ਪੈਂਦੇ ਪਿੰਡਾਂ ਦੀਆਂ ਛੋਟੀਆਂ ਲਿੰਕ ਸੜਕਾਂ, ਕਰਾਸਿੰਗ ਪੁਲਾਂ, ਸਰਵਿਸ ਰੋਡਾਂ ’ਤੇ ਵੀ ਸਟਰੀਟ ਲਾਈਟਾਂ ਲਾਈਆਂ ਜਾਣ। ਉਨ੍ਹਾਂ ਕਿਹਾ ਕਿ ਸਿਰਫ ਵੱਡੇ ਕਰਾਸਿੰਗ ਰਸਤਿਆ ਦੇ ਪੁਲਾਂ ’ਤੇ ਲਾਈਟਾਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇ ਪਿੰਡਾਂ ਦੀਆ ਛੋਟੀਆਂ ਲਿੰਕ ਸੜਕਾਂ ਦੇ ਕਰਾਸਿੰਗ ਪੁਲਾਂ ਅਤੇ ਸਰਵਿਸ ਰੋਡਾਂ ’ਤੇ ਸਟ੍ਰੀਟ ਲਾਈਟਾਂ ਨਾ ਲਗਾਈਆਂ ਗਈਆਂ ਤਾਂ ਰਾਤ ਸਮੇਂ ਹਾਦਸੇ ਵਾਪਰਨਗੇ। ਇਸੇ ਤਰ੍ਹਾਂ ਕਿਸਾਨ ਯੂਨੀਅਨ ਨੇ ਚੱਪੜਚਿੜ੍ਹੀ ਵਿੱਚ ਇੱਕ ਮੀਟਿੰਗ ਕਰਕੇ ਮੁਹਾਲੀ ਜ਼ਿਲ੍ਹੇ ਦੀਆਂ ਸਾਰੀਆਂ ਟੁੱਟੀਆਂ ਸੜਕਾਂ ਠੀਕ ਕਰਨ, ਹੜ੍ਹ ਪਭਾਵਿਤ ਕਿਸਾਨਾਂ ਲਈ ਇੱਕ ਲੱਖ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ, ਮ੍ਰਿਤਕਾਂ ਲਈ ਦਸ ਲੱਖ ਦਾ ਮੁਆਵਜ਼ਾ ਦੇਣ, ਡੀਏਪੀ ਖ਼ਾਦ ਦੀ ਘਾਟ ਦੂਰ ਕਰਨ ਦੀ ਮੰਗ ਕੀਤੀ।