ਭਾਖੜਾ ਡੈਮ ਦਾ ਪਾਣੀ ਖਤਰੇ ਦੇ ਨਿਸ਼ਾਨ ਨੇੜੇ
ਭਾਖੜਾ ਡੈਮ ਵਿਚ ਅੱਜ ਪਾਣੀ ਦਾ ਪੱਧਰ 1678.97 ਫੁੱਟ ਦਰਜ ਕੀਤਾ ਗਿਆ ਹੈ, ਜੋ ਖਤਰੇ ਦੇ ਨਿਸ਼ਾਨ 1680 ਫੁੱਟ ਤੋਂ ਕਰੀਬ ਇੱਕ ਫੁੱਟ ਘੱਟ ਹੈ। ਇਸ ਵੇਲੇ ਡੈਮ ਦੇ ਚਾਰ ਫਲੱਡ ਗੇਟ 8-8 ਫੁੱਟ ਤੱਕ ਖੋਲ੍ਹੇ ਹੋਏ ਹਨ। ਡੈਮ ਵਿੱਚ ਪਾਣੀ ਦੀ ਆਮਦ 95,435 ਕਿਊਸਕ ਹੈ, ਜਦਕਿ ਟਰਬਾਈਨਾਂ ਅਤੇ ਫਲੱਡ ਗੇਟਾਂ ਰਾਹੀਂ 73,459 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ।
ਨੰਗਲ ਡੈਮ ਤੋਂ 9,000 ਕਿਊਸਕ ਪਾਣੀ ਨੰਗਲ ਹਾਈਡਲ ਨਹਿਰ ਵਿੱਚ, 9,000 ਕਿਊਸਕ ਆਨੰਦਪੁਰ ਹਾਈਡਲ ਨਹਿਰ ਵਿੱਚ ਅਤੇ 57,000 ਕਿਊਸਕ ਸਤਲੁਜ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਮੰਤਰੀ ਹਰਜੋਤ ਬੈਂਸ ਵੱਲੋਂ ਆਪਣੇ ਫੇਸਬੁੱਕ ਪੇਜ ’ਤੇ ਵੀਡੀਓ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਸਵੇਰੇ 11 ਵਜੇ ਪੂਰੀ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਡੈਮ ਦੇ ਪੱਧਰ ਅਤੇ ਪਾਣੀ ਛੱਡਣ ਬਾਰੇ ਫੈਸਲਾ ਲਿਆ ਜਾਵੇਗਾ।
ਇਸ ਦੌਰਾਨ ਨੰਗਲ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਕੁਝ ਪਿੰਡਾਂ ਦੇ ਲੋਕਾਂ ਨੂੰ ਇਹਤਿਆਤ ਵਜੋਂ ਘਰ ਖਾਲੀ ਕਰਕੇ ਉੱਚੀਆਂ ਥਾਵਾਂ ਜਾਂ ਰਾਹਤ ਕੈਂਪਾਂ ਵਿੱਚ ਜਾਣ ਦੀ ਹਦਾਇਤ ਕੀਤੀ ਗਈ ਹੈ।