ਭਗਵੰਤ ਮਾਨ ਵੱਲੋਂ ਕੇਜਰੀਵਾਲ ਨੂੰ ਜਨਮਦਿਨ ਦੀ ਵਧਾਈ
ਕੇਜਰੀਵਾਲ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਭਗਵੰਤ ਮਾਨ ਨੇ X ’ਤੇ ਇੱਕ ਪੋਸਟ ਵਿੱਚ ਲਿਖਿਆ, ‘‘ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣ ਵਾਲੇ ਇਨਕਲਾਬੀ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ, ਵੱਡੇ ਭਰਾ @ArvindKejriwal ਜੀ ਨੂੰ ਜਨਮਦਿਨ ਦੀਆਂ ਦਿਲੋਂ ਸ਼ੁਭਕਾਮਨਾਵਾਂ। ਪਰਮਾਤਮਾ ਤੁਹਾਨੂੰ ਹਮੇਸ਼ਾ ਚੰਗੀ ਸਿਹਤ ਅਤੇ ਲੋਕਾਂ ਦੀ ਸੇਵਾ ਕਰਦੇ ਰਹਿਣ ਦੀ ਤਾਕਤ ਦੇਵੇ।’’ ਅਰਵਿੰਦ ਕੇਜਰੀਵਾਲ ਅੱਜ 57 ਸਾਲ ਦੇ ਹੋ ਗਏ ਹਨ।
ਸਟਾਲਿਨ ਤੇ ਹੋਰ ਨੇਤਾਵਾਂ ਨੇ ਵੀ ‘ਆਪ’ ਕਨਵੀਨਰ ਨੂੰ ਦਿੱਤੀਆਂ ਵਧਾਈਆਂ
ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਕੇਜਰੀਵਾਲ ਦੀ ਚੰਗੀ ਸਿਹਤ ਅਤੇ ਸਫ਼ਲਤਾ ਦੀ ਕਾਮਨਾ ਕੀਤੀ।
ਉਨ੍ਹਾਂ X ’ਤੇ ਇੱਕ ਪੋਸਟ ਵਿੱਚ ਲਿਖਿਆ, ‘‘@AamAadmiParty ਦੇ ਰਾਸ਼ਟਰੀ ਕਨਵੀਨਰ @ArvindKejriwal ਨੂੰ ਜਨਮਦਿਨ ਦੀਆਂ ਨਿੱਘੀਆਂ ਸ਼ੁਭਕਾਮਨਾਵਾਂ। ਲੋਕਾਂ ਦੀ ਸੇਵਾ ਵਿੱਚ ਤੁਹਾਡੀ ਚੰਗੀ ਸਿਹਤ ਅਤੇ ਸਫਲਤਾ ਦੀ ਕਾਮਨਾ ਕਰਦੇ ਹਾਂ। ਤੁਹਾਡੀ ਲੀਡਰਸ਼ਿਪ ਆਮ ਨਾਗਰਿਕਾਂ ਦੇ ਅਧਿਕਾਰਾਂ ਲਈ ਲੜਾਈ ਨੂੰ ਮਜ਼ਬੂਤ ਕਰਦੀ ਰਹੇ।’’
ਇਸ ਤੋਂ ਪਹਿਲਾਂ ‘ਆਪ’ ਨੇਤਾ ਮਨੀਸ਼ ਸਿਸੋਦੀਆ ਅਤੇ ਸੰਜੈ ਸਿੰਘ ਨੇ ਵੀ ਅਰਵਿੰਦ ਕੇਜਰੀਵਾਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਅਗਵਾਈ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।
ਮਨੀਸ਼ ਸਿਸੋਦੀਆ ਨੇ X ’ਤੇ ਲਿਖਿਆ, ‘‘ਮੇਰੇ ਦੋਸਤ, ਭਰਾ ਅਤੇ ਸਲਾਹਕਾਰ, ਅਰਵਿੰਦ ਕੇਜਰੀਵਾਲ ਜੀ ਨੂੰ ਜਨਮਦਿਨ ਦੀਆਂ ਦਿਲੋਂ ਸ਼ੁਭਕਾਮਨਾਵਾਂ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਸਿਹਤਮੰਦ, ਮਜ਼ਬੂਤ ਅਤੇ ਦ੍ਰਿੜ ਰੱਖੇ... ਕਿਉਂਕਿ ਤੁਹਾਡੀ ਮੌਜੂਦਗੀ ਸਿਰਫ਼ ਇੱਕ ਨੇਤਾ ਦੀ ਨਹੀਂ ਹੈ, ਸਗੋਂ ਲੱਖਾਂ ਆਮ ਲੋਕਾਂ ਦੀ ਉਮੀਦ ਹੈ। ਇੱਕ ਪੜ੍ਹੇ-ਲਿਖੇ, ਸਮਰੱਥ ਅਤੇ ਸਸ਼ਕਤ ਭਾਰਤ ਦੀ ਉਮੀਦ। ਜਨਮਦਿਨ ਮੁਬਾਰਕ!’’
‘ਆਪ’ ਸੰਸਦ ਮੈਂਬਰ ਰਾਘਵ ਚੱਢਾ ਨੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਲਿਖਿਆ, ‘‘ਸ੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਉਨ੍ਹਾਂ ਨੂੰ ਚੰਗੀ ਸਿਹਤ, ਖੁਸ਼ੀ ਅਤੇ ਅੱਗੇ ਲੰਬੀ ਉਮਰ ਮਿਲੇ।’’
16 ਅਗਸਤ, 1968 ਨੂੰ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਪਿੰਡ ਸਿਵਾਨੀ ਵਿੱਚ ਜਨਮੇ ਅਰਵਿੰਦ ਕੇਜਰੀਵਾਲ 28 ਦਸੰਬਰ, 2013 ਨੂੰ ਪਹਿਲੀ ਵਾਰ ਸਹੁੰ ਚੁੱਕ ਕੇ ਦਿੱਲੀ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣੇ।