ਭਗਤ ਸਿੰਘ ਅੱਜ ਵੀ ਨੌਜਵਾਨਾਂ ਦੇ ਦਿਲਾਂ ’ਤੇ ਰਾਜ ਕਰਦੇ ਹਨ: ਕੁਲਵੰਤ ਸਿੰਘ
ਸ਼ਹੀਦ ਭਗਤ ਸਿੰਘ ਦੇ 118ਵੇਂ ਜਨਮ ਦਿਨ ਮੌਕੇ ਅੱਜ ਆਦਮੀ ਪਾਰਟੀ ਵੱਲੋਂ ਸੈਕਟਰ 79 ਦੇ ਦਫ਼ਤਰ ਵਿੱਚ ਖੂਨ ਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਖੂਨ ਦਾਨ ਕੀਤਾ।
ਇਸ ਮੌਕੇ ਨੌਜਵਾਨਾਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨਾਂ ਦੇ ਦਿਲਾਂ ’ਤੇ ਰਾਜ ਕਰਦੇ ਹਨ। ਉਨ੍ਹਾਂ ਕਿਹਾ ਕਿ ਮਹਾਨ ਸ਼ਹੀਦ ਦੀ ਸੋਚ ਅਤੇ ਵਿਚਾਰ ਹਮੇਸ਼ਾ ਨੌਜਵਾਨਾਂ ਦਾ ਮਾਰਗ ਦਰਸ਼ਕ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਨੇ ਖਟਕੜ ਕਲਾਂ ਵਿੱਚ ਸਹੁੰ ਚੁੱਕ ਕੇ ਪੰਜਾਬ ਨੂੰ ਇਨਕਲਾਬੀ ਸੋਚ ਵਾਲਾ ਰਾਜ ਅਤੇ ਪ੍ਰਸ਼ਾਸਨ ਦੇਣ ਦਾ ਜਿਹੜਾ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕੀਤਾ ਹੈ ਅਤੇ ਰਾਜ ਦੇ ਵਸਨੀਕਾਂ ਨੂੰ ਦਿੱਤੀਆਂ ਸਾਰੀਆਂ ਗਾਰੰਟੀਆਂ ਪੂਰੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੜ੍ਹ ਪੀੜਤਾਂ ਨੂੰ ਪੈਰਾਂ ਸਿਰ ਲਿਆਉਣ ਲਈ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਇਸ ਮੌਕੇ ਯੂਥ ਸਪੋਰਟਸ ਵੈੱਲਫੇਅਰ ਬੋਰਡ ਦੇ ਚੇਅਰਮੈਨ, ਪਰਮਿੰਦਰ ਸਿੰਘ ਗੋਲਡੀ ਨੇ ਵੀ ਖੂਨਦਾਨੀ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ।ਇਸ ਮੌਕੇ ਡਾਕਟਰੀ ਟੀਮਾਂ ਅਤੇ ਖੂਨਦਾਨੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ, ਕੁਲਦੀਪ ਸਿੰਘ ਸਮਾਣਾ, ਕੌਂਸਲਰ ਸਰਬਜੀਤ ਸਿੰਘ ਸਮਾਣਾ, ਗੁਰਪ੍ਰੀਤ ਸਿੰਘ ਬੈਂਸ, ਹਰਪਾਲ ਸਿੰਘ ਚੰਨਾ, ਤਰਲੋਚਨ ਸਿੰਘ ਮਟੌਰ, ਅਕਵਿੰਦਰ ਸਿੰਘ ਗੋਸਲ, ਨਵਲਦੀਪ ਸਿੰਘ, ਜਗਦੇਵ ਸ਼ਰਮਾ, ਹਰਸ਼ਰਨ ਸਿੰਘ, ਗੁਰ ਕਿਰਪਾਲ ਸਿੰਘ ਵੀ ਹਾਜ਼ਰ ਸਨ।
ਭਾਈ ਲਾਲੋ ਦਾ ਜਨਮ ਦਿਹਾੜਾ ਮਨਾਇਆ
ਮੁਹਾਲੀ ਦੀ ਰਾਮਗੜ੍ਹੀਆ ਸਭਾ ਵੱਲੋਂ ਸੂਰਤ ਸਿੰਘ ਕਲਸੀ ਦੀ ਅਗਵਾਈ ਹੇਠ ਮਨਾਏ ਗਏ ਭਾਈ ਲਾਲੋ ਦੇ ਜਨਮ ਦਿਹਾੜੇ ਮੌਕੇ ਬੋਲਦਿਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਾਈ ਲਾਲੋ ਰਹਿੰਦੀ ਦੁਨੀਆਂ ਤੱਕ ਕਿਰਤੀਆਂ ਅਤੇ ਹੱਕ-ਸੱਚ ਦੀ ਕਿਰਤ ਕਰਨ ਵਾਲਿਆਂ ਦਾ ਰਾਹ ਦਸੇਰਾ ਬਣੇ ਰਹਿਣਗੇ। ਉਨ੍ਹਾਂ ਕਿਹਾ ਭਾਈ ਲਾਲੋ ਦੀਆਂ ਸਿਖਿਆਵਾਂ ਅਤੇ ਸੱਚੀ ਸੁੱਚੀ ਕਿਰਤ ਹਮੇਸ਼ਾ ਸਾਰਥਿਕ ਪ੍ਰਭਾਵ ਛੱਡਦੀ ਰਹੇਗੀ।