ਬੀ ਬੀ ਐੱਮ ਬੀ ਵਿਭਾਗ ਨੇ ਦੁਕਾਨਾਂ ਖਾਲੀ ਕਰਨ ਲਈ ਕਿਹਾ
ਇੱਥੇ ਦੱਸਣਯੋਗ ਹੈ ਕਿ ਮੁੱਖ ਮਾਰਕੀਟ ਦੀਆਂ ਸਾਰੀਆਂ ਦੁਕਾਨਾਂ ਬੀ ਬੀ ਐੱਮ ਬੀ ਵਿਭਾਗ ਕੋਲ ਲੀਜ਼ ’ਤੇ ਹਨ। ਦੁਕਾਨਾਂ ਨੂੰ ਖਾਲੀ ਕਰਵਾਉਣ ਦਾ ਹਾਈ ਕੋਰਟ ਵਿੱਚ ਕੇਸ ਚੱਲ ਰਿਹਾ ਹੈ। ਵਿਭਾਗ ਦੇ ਐਕਸੀਅਨ ਸੁਰਿੰਦਰ ਧੀਮਾਨ ਨੇ ਕਿਹਾ ਕਿ ਬੀ ਬੀ ਐੱਮ ਬੀ ਵਿਭਾਗ ਦੀ ਥਾਂ ’ਤੇ ਕੀਤੇ ਗਏ ਕਬਜ਼ਿਆਂ ਨੂੰ ਹਰ ਹੀਲੇ ਛੁਡਾਇਆ ਜਾਵੇਗਾ। ਦੁਕਾਨਾਂ ਨੂੰ ਇੱਕ ਮਹੀਨੇ ਦੇ ਅੰਦਰ-ਅੰਦਰ ਖਾਲੀ ਕਰਨ ਦੇ ਨੋਟਿਸ ਭੇਜੇ ਗਏ ਹਨ।
ਸੂਤਰਾਂ ਮੁਤਾਬਕ ਕਿਲਨ ਏਰੀਆ ਅਤੇ ਮਹਾਂਵੀਰ ਮਾਰਕੀਟ ਦੇ 70 ਘਰਾਂ ਦੀ ਲੀਜ਼ ਖਤਮ ਹੋਣ ’ਤੇ ਉਨ੍ਹਾਂ ਨੂੰ ਵੀ ਇੱਕ ਮਹੀਨੇ ਵਿੱਚ ਖਾਲੀ ਕਰਾਉਣ ਦੇ ਨੋਟਿਸ ਜਾਰੀ ਕੀਤੇ ਗਏ ਹਨ। ਇੱਥੇ ਕਿਸੇ ਸਮੇਂ ਵੀ ਬੀ ਬੀ ਐੱਮ ਬੀ ਵਿਭਾਗ ਦਾ ਪੀਲਾ ਪੰਜਾ ਚਲ ਸਕਦਾ ਹੈ।
ਦੱਸਣਾ ਬਣਦਾ ਹੈ ਕਿ ਇਹ ਫੈਸਲਾ 2003 ਦਾ ਹੋ ਚੁੱਕਾ ਹੈ ਪਰ ਬੀ ਬੀ ਐੱਮ ਬੀ ਅਧਿਕਾਰੀਆਂ ਨੇ ਕਬਜੇ ਛਡਾਉਣ ਲਈ ਪੰਜਾਬ ਸਰਕਾਰ ਤੋਂ ਸੁਰੱਖਿਆ ਮੰਗੀ ਸੀ। ਹੁਣ ਕੋਰਟ ਨੇ ਕਿਹਾ ਕਿ ਪੰਜਾਬ ਸਰਕਾਰ ਸੁਰੱਖਿਆ ਮੁਹੱਈਆ ਕਰਾਵੇਗੀ ਅਤੇ ਇਹ ਕਬਜ਼ੇ ਛੁਡਾਏ ਜਾਣ, ਜਿਸ ਮਗਰੋਂ ਵਿਭਾਗ ਕਾਰਵਾਈ ਲਈ ਪੱਬਾਂ ਭਾਰ ਹੈ।
ਬੀ ਬੀ ਐੱਮ ਬੀ ਦਾ ਦਾਅਵਾ ਗੈਰਕਾਨੂੰਨੀ: ਬੈਂਸ
ਪੰਜਾਬ ਦੇ ਸਿੱਖਿਆ ਮੰਤਰੀ ਅਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਬੀ ਬੀ ਐੱਮ ਬੀ ਦੀ ਜ਼ਮੀਨ ਦੇ ਕਬਜ਼ੇ ਦਾ ਪੱਕੇ ਤੌਰ ’ਤੇ ਹੱਲ ਕਰਨ ਦਾ ਪ੍ਰਣ ਲਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਕੀਮਤੀ ਜ਼ਮੀਨ ਖਾਸ ਤੌਰ ’ਤੇ ਕਿਲਨ ਏਰੀਆ, ਮੇਨ ਮਾਰਕੀਟ ਅਤੇ ਪਹਾੜੀ ਮਾਰਕੀਟ ’ਤੇ ਬੀ ਬੀ ਐੱਮ ਬੀ ਦਾ ਦਾਅਵਾ ਸ਼ਹਿਰ ਦੀ ਜੀਵਨ ਰੇਖਾ ਲਈ ਵੱਡਾ ਖਤਰਾ ਹੈ। ਉਨ੍ਹਾਂ ਨੰਗਲ ਵਾਸੀਆਂ ਨੂੰ ਭਰੋਸਾ ਦਿੱਤਾ ਨੰਗਲ ਦੀ ਹਰ ਛੱਤ ਅਤੇ ਹਰ ਦੁਕਾਨ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ ਸਣੇ ਪੰਜਾਬ ਦੇ ਉੱਚ ਅਧਿਕਾਰੀਆਂ ਦੀ ਇੱਕ ਉੱਚ ਤਾਕਤੀ ਕਮੇਟੀ ਜ਼ਮੀਨੀ ਰਿਕਾਰਡ ਦੀ ਜਾਂਚ ਕਰਕੇ ਇਸ ਸਬੰਧੀ ਕਾਰਵਾਈ ਦੀ ਅਗਵਾਈ ਕਰੇਗੀ।
