ਫਿਨਲੈਂਡ ਲਈ ਅਧਿਆਪਕਾਂ ਦਾ ਬੈਚ ਰਵਾਨਾ
ਪੰਜਾਬ ਸਰਕਾਰ ਨੇ ਅੱਜ ਫਿਨਲੈਂਡ ਦੀ ਯੂਨੀਵਰਸਿਟੀ ਆਫ ਤੁਰਕੂ ਵਿੱਚ 15 ਦਿਨਾਂ ਦੀ ਸਿਖਲਾਈ ਵਾਸਤੇ ਪ੍ਰਾਇਮਰੀ ਕਾਡਰ ਦੇ 72 ਅਧਿਆਪਕਾਂ ਦੇ ਤੀਜੇ ਬੈਚ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਬੈਚ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਸੈਂਟਰ ਹੈੱਡ ਟੀਚਰ, ਹੈੱਡ ਟੀਚਰ ਅਤੇ ਈ ਟੀ ਟੀ ਅਧਿਆਪਕ ਸ਼ਾਮਲ ਸਨ, ਜੋ ਫਿਨਲੈਂਡ ’ਚ ਵਿਸ਼ਵ-ਪ੍ਰਸਿੱਧ ਅਧਿਆਪਨ ਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਅਧਿਆਪਕਾਂ ਦੇ ਬੈਚ ਨੂੰ ਹਰੀ ਝੰਡੀ ਦਿਖਾਉਣ ਉਪਰੰਤ ਕਿਹਾ ਕਿ ਇਸ ਬੈਚ ਦੀ ਸਿਖਲਾਈ ਨਾਲ ਫਿਨਲੈਂਡ ’ਚ ਸਿਖਲਾਈ ਹਾਸਲ ਕਰਨ ਵਾਲੇ ਅਧਿਆਪਕਾਂ ਦੀ ਕੁੱਲ ਗਿਣਤੀ 216 ਹੋ ਜਾਵੇਗੀ। 50 ਮੁੱਖ ਅਧਿਆਪਕਾਂ ਦਾ ਪੰਜਵਾਂ ਬੈਚ 15 ਤੋਂ 19 ਦਸੰਬਰ ਤੱਕ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਿਮਦਾਬਾਦ ਵਿੱਚ ਲੀਡਰਸ਼ਿਪ ਸਿਖਲਾਈ ਪ੍ਰੋਗਰਾਮ ਵਿੱਚ ਸ਼ਾਮਲ ਹੋਵੇਗਾ। ਇਸ ਮੌਕੇ ਸਿੱਖਿਆ ਵਿਭਾਗ ਦੇ ਪ੍ਰਬੰਧਕੀ ਸਕੱਤਰ ਅਨਿੰਦਤਾ ਮਿੱਤਰਾ, ਡਾਇਰੈਕਟਰ ਐੱਸ ਸੀ ਆਰ ਟੀ ਕਿਰਨ ਸ਼ਰਮਾ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
