ਬਨੂੜ ਸ਼ਹਿਰ ਦੇ ਮਾਸਟਰ ਪਲਾਨ ’ਚ ਹੋਵੇਗੀ ਸੋਧ
ਕਰਮਜੀਤ ਸਿੰਘ ਚਿੱਲਾ
ਬਨੂੜ, 12 ਜੁਲਾਈ
ਡਾਇਰੈਕਟੋਰੇਟ ਆਫ ਟਾਊਨ ਐਂਡ ਕੰਟਰੀ ਪਲਾਨਿੰਗ ਪੰਜਾਬ ਵੱਲੋਂ ਜਲਦੀ ਹੀ ਬਨੂੜ ਸ਼ਹਿਰ ਨੇੜਲੇ ਪਿੰਡਾਂ ਦੇ ਮਾਸਟਰ ਪਲਾਨ ਵਿੱਚ ਸੋਧ ਕੀਤੀ ਜਾਵੇਗੀ। ਸੀਨੀਅਰ ਟਾਊਨ ਪਲਾਨਰ ਪੰਜਾਬ ਵੱਲੋਂ ਅਧਿਸੂਚਨਾ ਪ੍ਰਕਾਸ਼ਿਤ ਕਰ ਕੇ ਇਸ ਸੋਧ ਸਬੰਧੀ ਲੋਕਾਂ ਕੋਲੋਂ ਇਤਰਾਜ਼ ਮੰਗ ਲਏ ਗਏ ਹਨ। ਇਤਰਾਜ਼ ਹਾਸਿਲ ਕਰਨ ਦੀ ਇੱਕ ਮਹੀਨੇ ਦੀ ਪ੍ਰਕਿਰਿਆ ਮਗਰੋਂ ਇਨ੍ਹਾਂ ਪਿੰਡਾਂ ਦਾ ਮਾਸਟਰ ਪਲਾਨ ਅਤੇ ਜ਼ੋਨ ਬਦਲਣ ਲਈ ਅਗਲੀ ਕਾਰਵਾਈ ਨੇਪਰੇ ਚਾੜੀ ਜਾਵੇਗੀ। ਬਨੂੜ ਨੇੜਲੇ ਇੱਕ ਦਰਜਨ ਪਿੰਡ ਜਿਹੜੇ ਕਿ ਪਹਿਲਾਂ ਖੇਤੀਬਾੜੀ ਜ਼ੋਨ ਵਿੱਚ ਰੱਖੇ ਹੋਏ ਸਨ, ਨੂੰ ਹੁਣ ਰਿਹਾਇਸ਼ੀ ਜ਼ੋਨ ਵਿਚ ਬਦਲਿਆ ਜਾਵੇਗਾ, ਜਿਸ ਨਾਲ ਇਨ੍ਹਾਂ ਪਿੰਡਾਂ ਦੀ ਸੈਂਕੜੇ ਏਕੜ ਜ਼ਮੀਨ ਖੇਤੀਬਾੜੀ ਥੱਲਿਉਂ ਨਿਕਲ ਜਾਵੇਗੀ।
ਐੱਸਟੀਪੀ ਵੱਲੋਂ ਜਾਰੀ ਕੀਤੀ ਅਧਿਸੂਚਨਾ ਅਨੁਸਾਰ ਖੇਤੀਬਾੜੀ ਤੋਂ ਰਿਹਾਇਸ਼ੀ ਜ਼ੋਨ ਵਿਚ ਤਬਦੀਲ ਹੋਣ ਵਾਲੇ ਪਿੰਡਾਂ ’ਚ ਮੋਟੇਮਾਜਰਾ, ਨਗਾਰੀ, ਗੀਗੇਮਾਜਰਾ, ਮਿੰਢੇਮਾਜਰਾ, ਹੁਲਕਾ, ਕਲੌਲੀ, ਨੰਡਿਆਲੀ, ਮਾਣਕਪੁਰ ਕੱਲਰ, ਕੁਰੜਾ, ਤੰਗੌਰੀ, ਸੇਖਨਮਾਜਰਾ ਅਤੇ ਜਾਂਸਲੀ ਸ਼ਾਮਲ ਹਨ।
ਐੱਸਟੀਪੀ ਅਨੁਸਾਰ ਇਹ ਕਾਰਵਾਈ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਹੋਰ ਵਸਨੀਕਾਂ ਕੋਲੋਂ ਪ੍ਰਾਪਤ ਮੰਗ ਪੱਤਰਾਂ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ। ਵਿਭਾਗ ਵੱਲੋਂ ਇਨ੍ਹਾਂ ਪਿੰਡਾਂ ਦੇ ਸਕੈਚ ਅਤੇ ਡਰਾਇੰਗ ਤੇ ਹੋਰ ਜਾਣਕਾਰੀਆਂ ਨੂੰ ਪੁਡਾ ਦੀ ਵੈਬਸਾਈਟ ਉੱਤੇ ਅਪਲੋਡ ਕਰ ਦਿੱਤਾ ਗਿਆ ਹੈ, ਜਿੱਥੇ ਮਾਸਟਰ ਪਲਾਨ ਅਤੇ ਸਬੰਧਿਤ ਜ਼ੋਨ ਦੀ ਤਬਦੀਲੀ ਸਬੰਧੀ ਕੋਈ ਵੀ ਵਿਅਕਤੀ ਆਪਣੇ ਸੁਝਾਅ ਅਤੇ ਇਤਰਾਜ਼ ਦਰਜ ਕਰਵਾ ਸਕਦਾ ਹੈ। ਸੀਏ ਗਮਾਡਾ, ਡਿਪਟੀ ਕਮਿਸ਼ਨਰ ਮੁਹਾਲੀ, ਐਸਟੀਪੀ ਪੁੱਡਾ, ਜ਼ਿਲ੍ਹਾ ਟਾਊਨ ਪਲਾਨਰ ਦੇ ਦਫ਼ਤਰਾਂ ਵਿਖੇ ਵੀ ਇਹ ਜਾਣਕਾਰੀ ਵੇਖੀ ਸਕਦੀ ਹੈ।
ਇਤਰਾਜ਼ ਦਰਜ ਕਰਾਵਾਂਗੇ: ਕੌਂਸਲ ਪ੍ਰਧਾਨ
ਨਗਰ ਕੌਂਸਲ ਬਨੂੜ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ ਨੇ ਪਿੰਡਾਂ ਦੇ ਜ਼ੋਨ ਬਦਲਣ ਦੇ ਫੈਸਲੇ ਨੂੰ ਚਿੰਤਾਜਨਕ ਦੱਸਿਆ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਸਾਰੇ ਛੋਟੇ ਕਿਸਾਨ ਹਨ। ਸਬਜ਼ੀਆਂ ਦੀ ਪੈਦਾਵਾਰ ਕਰਦੇ ਹਨ। ਕਿਸਾਨਾਂ ਉੱਤੇ ਮਜ਼ਦੂਰ ਵੀ ਨਿਰਭਰ ਹਨ। ਜ਼ੋਨ ਬਦਲਣ ਨਾਲ ਸਾਰਿਆਂ ਦੇ ਹੱਥੋਂ ਕੰਮ ਖੋਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਖ਼ੁਦ ਵੀ ਕਿਸਾਨ ਹਨ ਅਤੇ ਵਿਰੋਧ ਵਿਚ ਇਤਰਾਜ਼ ਦਰਜ ਕਰਾਉਣਗੇ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਭੁਪਿੰਦਰ ਸਿੰਘ ਮਾਨ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਬਲਵੰਤ ਸਿੰਘ ਨੰਡਿਆਲੀ ਨੇ ਵੀ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਪਿੰਡਾਂ ਵਿਚ ਲਾਮਬੰਦੀ ਪੈਦਾ ਕਰਕੇ ਇਤਰਾਜ਼ ਦਰਜ ਕਰਾਉਣ ਦੀ ਗੱਲ ਆਖੀ।