ਹੱਦਬੰਦੀ ਮਾਮਲੇ ’ਚ ਬਲਬੀਰ ਸਿੱਧੂ ਨੇ ਵਿਧਾਇਕ ’ਤੇ ਸੇਧੇ ਨਿਸ਼ਾਨੇ
ਮੁਹਾਲੀ ਨਗਰ ਨਿਗਮ ਦੀ ਹੱਦਬੰਦੀ ਵਧਾਉਣ ਸਬੰਧੀ ਜਾਰੀ ਨੋਟੀਫ਼ਿਕੇਸ਼ਨ ਨੂੰ ਲੈ ਕੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਧਾਇਕ ਕੁਲਵੰਤ ਸਿੰਘ ’ਤੇ ਨਿਸ਼ਾਨੇ ਸੇਧੇ। ਉਨ੍ਹਾਂ ਦੋਸ਼ ਲਾਇਆ ਕਿ ਮਨਿਗਮ ਦੀ ਹੱਦ ਵਧਾਉਣ ਲਈ ਜਾਰੀ ਅਧਿਸੂਚਨਾ ਵਿਚ ਵਿਧਾਇਕ ਨੇ ਆਪਣੇ ਵਪਾਰਕ ਤੇ ਸਿਆਸੀ ਹਿੱਤਾਂ ਨੂੰ ਸਾਹਮਣੇ ਰੱਖਿਆ ਹੈ ਅਤੇ ਤਜਵੀਜ਼ਤ ਹੱਦਬੰਦੀ ਵਿਚ ਲੋਕ-ਰਾਇ ’ਤੇ ਆਪਣੀ ਮਨਮਰਜ਼ੀ ਥੋਪੀ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਆਪਣੇ ਵਪਾਰਕ ਹਿੱਤਾਂ ਨੂੰ ਸਾਹਮਣੇ ਰੱਖ ਕੇ ਪਹਿਲਾਂ ਤਾਂ ਕੁਲਵੰਤ ਸਿੰਘ ਨੇ ਲੰਬਾ ਸਮਾਂ ਕਾਰਪੋਰੇਸ਼ਨ ਦੇ ਹੱਦ ਵਧਾਉਣ ਦੇ ਮਤੇ ’ਤੇ ਅਮਲ ਹੀ ਨਹੀਂ ਹੋਣ ਦਿੱਤਾ, ਹੁਣ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਦਖਲਅੰਦਾਜ਼ੀ ਕਾਰਨ ਸਰਕਾਰ ਨੂੰ ਇਸ ਉੱਤੇ ਅਮਲ ਕਰਨਾ ਲਾਜ਼ਮੀ ਹੋ ਗਿਆ ਤਾਂ ਉਨ੍ਹਾਂ ਕਾਰਪੋਰੇਸ਼ਨ ਦੇ ਮਤੇ ਅਨੁਸਾਰ ਤਜਵੀਜ਼ਤ ਹੱਦਬੰਦੀ ਦੀ ਥਾਂ ਕਈ ਨਵੇਂ ਇਲਾਕੇ ਸ਼ਾਮਲ ਕਰਵਾ ਲਏ ਤੇ ਉਨ੍ਹਾਂ ਹਲਕਿਆਂ ਨੂੰ ਛੱਡ ਦਿੱਤਾ ਜਿਹੜੇ ਮਤੇ ਵਿੱਚ ਸ਼ਾਮਲ ਸਨ। ਉਨ੍ਹਾਂ ਦੋਸ਼ ਲਾਇਆ ਕਿ ਐਰੋ ਸਿਟੀ ਤੇ ਮੁਹਾਲੀ ਦਾ 94 ਸੈਕਟਰ ਮਤੇ ਵਿੱਚ ਸ਼ਾਮਲ ਨਹੀਂ ਸਨ ਤੇ ਮਤੇ ਵਿੱਚ ਸ਼ਾਮਲ ਬੜਮਾਜਰਾ, ਬਲੌਂਗੀ ਅਤੇ ਟੀ ਡੀ ਆਈ ਖੇਤਰ ਛੱਡ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਵੱਲੋਂ ਦਿੱਤੀ ਗਈ ਦਲੀਲ, ਕਿ ਬਲੌਂਗੀ ਤੇ ਬੜਮਾਜਰਾ ਨੂੰ ਇੱਥੋਂ ਦੇ ਵਾਸੀਆਂ ’ਤੇ ਲੱਗਣ ਵਾਲੇ ਟੈਕਸਾਂ ਦਾ ਬੋਝ ਨਾ ਪੈਣ ਕਾਰਨ ਬਾਹਰ ਰੱਖਿਆ ਹੈ, ਨੂੰ ਰੱਦ ਕਰਦਿਆਂ ਸ੍ਰੀ ਸਿੱਧੂ ਨੇ ਪੁੱਛਿਆ ਕਿ ਜਿਹੜੇ ਇਲਾਕੇ ਸ਼ਾਮਲ ਕੀਤੇ ਗਏ ਹਨ ਉਨ੍ਹਾਂ ’ਤੇ ਟੈਕਸਾਂ ਦਾ ਬੋਝ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ 2021 ਦੇ ਮਤੇ ਅਨੁਸਾਰ ਰੁਕੀ ਹੋਈ ਕਾਰਵਾਈ ਨੂੰ ਮੁਕੰਮਲ ਕਰਨ ਦੀ ਹਦਾਇਤ ਕੀਤੀ ਸੀ ਨਾ ਕਿ ਨਵੀਂ ਤਜਵੀਜ਼ ਬਣਾਉਣ ਦੀ।
ਸਾਬਕਾ ਸਿਹਤ ਮੰਤਰੀ ਮੁਹਾਲੀ ਵਾਸੀਆਂ ਨੂੰ ਗੁੰਮਰਾਹ ਕਰ ਰਹੇ ਹਨ: ਵਿਧਾਇਕ
Advertisementਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਬਲਬੀਰ ਸਿੱਧੂ ਵੱਲੋਂ ਲਗਾਏ ਦੋਸ਼ ਨਿਰਮੂਲ ਹਨ। ਉਨ੍ਹਾਂ ਕਿਹਾ ਕਿ ਨਿਗਮ ਵੱਲੋਂ ਭੇਜੀ ਤਜਵੀਜ਼ ਤਹਿਤ ਹੀ ਸਰਕਾਰ ਨੇ ਹੱਦਬੰਦੀ ਲਈ ਅਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਉਨ੍ਹਾਂ ਨੇ ਆਪਣੀ ਹਿੰਮਤ ਕਰਕੇ ਕੁੱਝ ਨਵੇਂ ਖੇਤਰਾਂ ਨੂੰ ਸ਼ਾਮਲ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸੈਕਟਰਾਂ ਦੇ ਨਿਗਮ ਵਿਚ ਸ਼ਾਮਲ ਹੋਣ ਨਾਲ ਉਨ੍ਹਾਂ ਖੇਤਰਾਂ ਦੇ ਵਾਸੀਆਂ ਨੂੰ ਟੈਕਸਾਂ ਦਾ ਦੂਹਰਾ ਬੋਝ ਝੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਟੀ ਡੀ ਆਈ ਸੈਕਟਰਾਂ ਦੇ ਵਾਸੀਆਂ ਨੇ ਪਹੁੰਚ ਕੀਤੀ ਸੀ ਤੇ ਉਹ ਇਨ੍ਹਾਂ ਖੇਤਰਾਂ ਨੂੰ ਹਰ ਹਾਲਤ ਵਿਚ ਨਿਗਮ ਦੀ ਹਦੂਦ ਵਿੱਚ ਲਿਆਉਣ ਲਈ ਯਤਨਸ਼ੀਲ ਹਨ ਅਤੇ ਇਸ ਦੇ ਸਾਰਥਿਕ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਮੁਹਾਲੀ ਵਾਸੀਆਂ ਨੂੰ ਗੁੰਮਰਾਹ ਕਰ ਰਹੇ ਹਨ।
