ਲੋਦੀਪੁਰ-ਬੁਰਜ ਬੰਨ੍ਹ ’ਤੇ ਬੈਂਸ ਨੇ ਸੰਭਾਲਿਆ ਮੋਰਚਾ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸਵੇਰ ਤੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਦੇ ਹੋਏ ਲੋਦੀਪੁਰ-ਬੁਰਜ ਬੰਨ ’ਤੇ ਖੁਦ ਮੋਰਚਾ ਸੰਭਾਲਿਆ। ਇੱਥੇ ਕਰੇਟ ਵਾਲ ਦੇ ਨੁਕਸਾਨ ਹੋਣ ਕਾਰਨ ਸਤਲੁਜ ਦਾ ਪਾਣੀ ਦਰਜਨਾਂ ਪਿੰਡਾਂ ਲਈ ਖਤਰਾ ਬਣ ਗਿਆ ਸੀ। ਮੰਤਰੀ ਨੇ ਪੰਚਾਂ, ਸਰਪੰਚਾਂ, ਯੂਥ ਕਲੱਬਾਂ ਤੇ ਆਪ ਵਾਲੰਟੀਅਰਾਂ ਨਾਲ ਮਿਲ ਕੇ ਜੰਬੋ ਬੈਗ ਲਗਾ ਕੇ ਬੰਨ੍ਹ ਨੂੰ ਮਜ਼ਬੂਤ ਕੀਤਾ, ਜਿਸ ਨਾਲ ਖਾਰ ਰੁਕ ਗਈ ਅਤੇ ਪਾਣੀ ਪਿੰਡਾਂ ਵਿੱਚ ਜਾਣ ਤੋਂ ਬਚ ਗਿਆ। ਉਨ੍ਹਾਂ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਸਾਤ ਕਾਰਨ ਭਾਖੜਾ ਡੈਮ ਦਾ ਪੱਧਰ ਵਧ ਰਿਹਾ ਹੈ। ਪਹਿਲਾਂ 65 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ, ਹੁਣ 10 ਹਜ਼ਾਰ ਹੋਰ ਵਧਾ ਕੇ ਕੁੱਲ 75 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਕਾਰਨ ਕੁਝ ਪਿੰਡਾਂ ਵਿੱਚ ਪਾਣੀ ਦਾਖਲ ਹੋ ਰਿਹਾ ਹੈ।
ਸ੍ਰੀ ਬੈਂਸ ਨੇ ‘ਆਪ’ ਵਰਕਰਾਂ, ਪੰਚਾਂ, ਸਰਪੰਚਾਂ ਅਤੇ ਪਿੰਡ ਵਸਨੀਕਾਂ ਨਾਲ ਮਿਲ ਕੇ ਬੰਨ੍ਹ ਮਜ਼ਬੂਤ ਕਰਨ ਵਿੱਚ ਖੁਦ ਹਿੱਸਾ ਲਿਆ ਅਤੇ ਕਿਹਾ ਕਿ ਮਿਲ ਕੇ ਕੰਮ ਕਰਨ ਨਾਲ ਹੀ ਪਿੰਡਾਂ ਦੀ ਸੁਰੱਖਿਆ ਯਕੀਨੀ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਹੜ੍ਹ ਦੀ ਆਫਤ ਨਾਲ ਪੰਜਾਬੀਆਂ ਨੇ ਜੋ ਇਕਜੁੱਟਤਾ ਦਿਖਾਈ ਹੈ, ਉਹ ਮਿਸਾਲ ਹੈ ਅਤੇ ਅਸੀਂ ਇਹ ਸੰਕਟ ਜ਼ਰੂਰ ਪਾਰ ਕਰਾਂਗੇ। ਮੰਤਰੀ ਨੇ ਲੋਕਾਂ ਨੂੰ ਨੀਵੀਆਂ ਥਾਵਾਂ ਤੋਂ ਸੁਰੱਖਿਅਤ ਜਗ੍ਹਾ ’ਤੇ ਜਾਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪ੍ਰਸ਼ਾਸਨ ਚੌਕਸੀ ਨਾਲ ਨਿਗਰਾਨੀ ਕਰ ਰਿਹਾ ਹੈ। ਅਫਵਾਹਾਂ ’ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਵਾਲੰਟੀਅਰ, ਨੌਜਵਾਨ ਤੇ ਪ੍ਰਸ਼ਾਸਨ ਡਟ ਕੇ ਕੁਦਰਤੀ ਆਫਤ ਦਾ ਸਾਹਮਣਾ ਕਰ ਰਹੇ ਹਨ।
ਬੈਂਸ ਨੇ ਸਤਲੁਜ ਦਰਿਆ ਕੰਢੇ ਵਸੇ ਲੋਕਾਂ ਨੂੰ ਸੁਚੇਤ ਕੀਤਾ
ਰੂਪਨਗਰ (ਜਗਮੋਹਨ ਸਿੰਘ): ਹਿਮਾਚਲ ਪ੍ਰਦੇਸ਼ ਵਿੱਚ ਹੋਈ ਭਾਰੀ ਵਰਖਾ ਕਾਰਨ ਭਾਖੜਾ ਡੈਮ ਤੋਂ ਛੱਡੇ ਜਾ ਰਹੇ ਪਾਣੀ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਿੱਥੇ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਵੱਲੋਂ ਵੱਖ-ਵੱਖ ਸੋਸ਼ਲ ਮੀਡੀਆ ਹੈਂਡਲਾਂ ’ਤੇ ਜਾਣਕਾਰੀ ਦੇ ਕੇ ਦਰਿਆ ਕੰਢੇ ਵਸੇ ਪਿੰਡਾਂ ਦੇ ਲੋਕਾਂ ਨੂੰ ਅਗਾਊਂ ਸੁਚੇਤ ਕੀਤਾ ਜਾ ਰਿਹਾ ਹੈ, ਉੱਥੇ ਹੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਡੀਸੀ ਵਰਜੀਤ ਵਾਲੀਆ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਵਰਖਾ ਕਾਰਨ ਭਾਖੜਾ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਤੇ ਪਾਣੀ ਦਾ ਵਹਾਅ 65,000 ਕਿਊਸਿਕ ਤੋਂ ਵਧਾ ਕੇ 75,000 ਕਿਊਸਿਕ ਕੀਤਾ ਜਾ ਰਿਹਾ ਹੈ, ਜਿਸ ਕਾਰਨ ਹਰਸਾ ਬੇਲਾ, ਬੇਲਾ ਰਾਮਗੜ੍ਹ, ਬੇਲਾ ਧਿਆਨੀ ਅੱਪਰ, ਬੇਲਾ ਧਿਆਨੀ ਲੋਅਰ, ਸੈਂਸੋਵਾਲ, ਐਲਗਰਾ, ਬੇਲਾ ਸ਼ਿਵ ਸਿੰਘ, ਭਲਾਣ, ਭਨਾਮ, ਸਿੰਘਪੁਰਾ, ਪਲਾਸੀ, ਤਰਫ਼ ਮਜਾਰਾ, ਮਜਾਰੀ, ਬੁਰਜ, ਚੰਦਪੁਰ ਬੇਲਾ, ਗਜਪੁਰ ਬੇਲਾ, ਸ਼ਾਹਪੁਰ ਬੇਲਾ, ਨਿੱਕੂਵਾਲ, ਅਮਰਪੁਰ ਬੇਲਾ, ਲੋਧੀਪੁਰ ਤੋਂ ਇਲਾਵਾ ਰੂਪਨਗਰ ਅਤੇ ਸ੍ਰੀ ਚਮਕੌਰ ਸਾਹਿਬ ਇਲਾਕੇ ਦੇ ਸਤਲੁਜ ਦਰਿਆ ਕਿਨਾਰੇ ਵੱਸੇ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਉਹ ਆਪੋ ਆਪਣੀ ਸੁਰੱਖਿਆ ਨੂੰ ਪ੍ਰਮੁੱਖਤਾ ਦਿੰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਅੰਦਰ ਬਣਾਏ ਹੋਏ ਸੁਰੱਖਿਆ ਕੈਂਪਾਂ ਵਿੱਚ ਪਹੁੰਚ ਜਾਣ।
ਅਨੁਰਾਗ ਠਾਕੁਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਸ੍ਰੀ ਆਨੰਦਪੁਰ ਸਾਹਿਬ( ਪੱਤਰ ਪ੍ਰੇਰਕ): ਸਾਬਕਾ ਕੇਂਦਰੀ ਮੰਤਰੀ ਅਤੇ ਹਮੀਰਪੁਰ ਤੋਂ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਭਾਰੀ ਬਰਸਾਤ ਨਾਲ ਪ੍ਰਭਾਵਿਤ ਹਿਮਾਚਲ ਪ੍ਰਦੇਸ਼ ਦੇ ਮੋਡਿਆਲੀ, ਮਾਤਾ ਨੈਣਾ ਦੇਵੀ, ਘਵੰਡਲ ਅਤੇ ਕਨਫਰਾ ਸਣੇ ਕਈ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਕੁਦਰਤੀ ਆਫ਼ਤ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਪੀੜਤਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ। ਇਸ ਮੌਕੇ ਮਾਤਾ ਨੈਣਾ ਦੇਵੀ ਹਲਕੇ ਦੇ ਭਾਜਪਾ ਵਿਧਾਇਕ ਰਣਧੀਰ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਲਾਲ ਚਂਦੇਲ ਵੀ ਨਾਲ ਸਨ। ਠਾਕੁਰ ਨੇ ਕਿਹਾ ਕਿ ਇਸ ਘੜੀ ਵਿੱਚ ਵਿਤਕਰਾ ਠੀਕ ਨਹੀਂ ਹੈ ਅਤੇ ਹਿਮਾਚਲ ਸਰਕਾਰ ਨੂੰ ਖੁੱਲ੍ਹੇ ਦਿਲ ਨਾਲ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।