ਸ਼ੱਕੀ ਹਾਲਾਤਾਂ ’ਚ ਮਿਲੇ ਪ੍ਰਵਾਸੀ ਕੋਲੋਂ ਏਟੀਐਮ ਕਾਰਡ, ਆਧਾਰ ਕਾਰਡ ਤੇ ਹੋਰ ਦਸਤਾਵੇਜ਼ ਬਰਾਮਦ
ਪਿੰਡ ਕਤਲੌਰ ਵਿੱਚ ਇੱਕ ਅਣਪਛਾਤੇ ਪ੍ਰਵਾਸੀ ਨੂੰ ਲੋਕਾਂ ਨੇ ਸ਼ੱਕੀ ਹਾਲਾਤਾਂ ’ਚ ਫੜ੍ਹ ਕੇ ਪੁਲੀਸ ਹਵਾਲੇ ਕੀਤਾ। ਲੋਕਾਂ ਮੁਤਾਬਕ ਉਕਤ ਵਿਅਕਤੀ ਇਲਾਕੇ ਵਿੱਚ ਮਾਨਸਿਕ ਤੌਰ ’ਤੇ ਅਸਥਿਰ ਦਿਖਾਈ ਦੇ ਰਿਹਾ ਸੀ ਅਤੇ ਲੋਕਾਂ ਦੇ ਸਵਾਲਾਂ ਦਾ ਢੰਗ ਨਾਲ ਜਵਾਬ ਨਹੀਂ ਦੇ ਰਿਹਾ ਸੀ।
ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਵਿਅਕਤੀ ਕੋਲੋਂ ਦਰਜਨ ਦੇ ਕਰੀਬ ਜੰਮੂ-ਕਸ਼ਮੀਰ ਦੇ ਬੈਂਕਾਂ ਦੇ ਏ.ਟੀ.ਐਮ. ਕਾਰਡ, ਆਧਾਰ ਕਾਰਡ, ਪੈਨ ਕਾਰਡ, ਅਲੱਗ-ਅਲੱਗ ਨਾਂਵਾਂ ’ਤੇ ਜਾਰੀ ਹੋਏ ਦਸਤਾਵੇਜ਼ ਅਤੇ ਹੋਰ ਸ਼ੱਕੀ ਚੀਜ਼ਾਂ ਮਿਲੀਆਂ ਹਨ, ਜੋ ਉਸ ਦੀ ਨੀਅਤ ਅਤੇ ਪਿਛੋਕੜ ਉੱਤੇ ਸਵਾਲ ਖੜ੍ਹੇ ਕਰ ਰਹੀਆਂ ਹਨ।
ਸਰਪੰਚ ਨੇ ਪੁਲੀਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਇਹ ਵਿਅਕਤੀ ਇਲਾਕੇ 'ਚ ਮਾਨਸਿਕ ਤਣਾਅ ਦੀ ਹਾਲਤ 'ਚ ਘੁੰਮ ਰਿਹਾ ਸੀ ਜਿਹੜਾ ਕਦੇ ਕਦਾਈ ਪਿੰਡ ਕਤਲੌਰ ਦੇ ਬੱਸ ਸਟੈਂਡ ਦੇ ਸੈੱਡ ਵਿੱਚ ਵੀ ਬੈਠ ਜਾਂਦਾ ਸੀ।. ਉਨ੍ਹਾਂ ਦੱਸਿਆ ਕਿ ਬੀਤੇ ਦਿਨ ਮਾਛੀਵਾੜਾ ਸਾਹਿਬ ਤੋਂ ਵਾਪਸ ਆ ਰਹੇ ਕੁੱਝ ਸਿੱਖ ਨੌਜਵਾਨਾਂ ਨਾਲ ਹੱਥੋਪਾਈ ਕਰ ਬੈਠਿਆ ਅਤੇ ਜਖ਼ਮੀ ਹੋ ਗਿਆ ਅਤੇ ਜਦੋ ਨੌਜਵਾਨਾਂ ਨੇ ਉਸ ਦੀ ਹਰਕਤਾਂ ਦਾ ਵਿਰੋਧ ਕੀਤਾ ਤਾਂ ਇਹ ਵਿਅਕਤੀ ਭੱਜ ਕੇ ਨੇੜਲੇ ਜੰਗਲ ਵਿੱਚ ਲੁਕ ਗਿਆ।
ਪਿੰਡ ਦੇ ਲੋਕਾਂ ਅਤੇ ਨੌਜਵਾਨਾਂ ਵੱਲੋਂ ਕੀਤੀ ਗਈ ਭਾਲ ਤੋਂ ਬਾਅਦ ਇਹ ਵਿਅਕਤੀ ਲਗਭਗ ਚਾਰ ਘੰਟਿਆਂ ਬਾਅਦ ਜੰਗਲ ਵਿੱਚੋਂ ਮਿਲਿਆ, ਜਿਸ ਤੋਂ ਬਾਅਦ ਉਸ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ।
ਮੌਕੇ ’ਤੇ ਪਹੁੰਚੇ ਏਐਸਆਈ ਸੁਰਿੰਦਰ ਸਿੰਘ ਨੇ ਪੁਸ਼ਟੀ ਕੀਤੀ ਕਿ ਉਕਤ ਵਿਅਕਤੀ ਕੋਲੋਂ ਮਿਲੇ ਸਾਰੇ ਦਸਤਾਵੇਜ਼ ਅਤੇ ਸਮਾਨ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਇਹ ਵੀ ਪਤਾ ਲਗਾ ਰਹੀ ਹੈ ਕਿ ਇਹ ਵਿਅਕਤੀ ਕਿਸ ਸੂਬੇ ਜਾਂ ਇਲਾਕੇ ਨਾਲ ਸਬੰਧਤ ਹੈ ਅਤੇ ਇਨ੍ਹਾਂ ਏਟੀਐਮ ਕਾਰਡਾਂ ਅਤੇ ਪਛਾਣ ਪੱਤਰਾਂ ਦਾ ਉਸ ਕੋਲ ਹੋਣਾ ਕਿਵੇਂ ਸੰਭਵ ਹੋਇਆ।
ਇਸ ਸਬੰਧੀ ਹੋਰ ਵੀ ਪੁਸ਼ਟੀ ਕਰਨ ਲਈ ਵਿਅਕਤੀ ਦਾ ਮੈਡੀਕਲ ਮੁਆਇਨਾ ਕਰਵਾਇਆ ਜਾ ਰਿਹਾ ਹੈ ਅਤੇ ਜ਼ਰੂਰੀ ਕਾਨੂੰਨੀ ਕਾਰਵਾਈ ਅਗਲੇ ਦਿਨਾਂ ਵਿੱਚ ਕੀਤੀ ਜਾਵੇਗੀ।