ਫਰਜ਼ੀ ਕਾਗਜ਼ ਬਣਾ ਕੇ ਜ਼ਮੀਨਾਂ ਵੇਚਣ ਦੇ ਦੋਸ਼ ਹੇਠ ਗ੍ਰਿਫ਼ਤਾਰ
ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਅਤੇ ਥਾਣਾ ਆਈ ਟੀ ਸਿਟੀ ਦੇ ਇੰਸਪੈਕਟਰ ਸਤਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਕਾਬੂ ਕੀਤਾ ਗਿਆ ਬਲਵੰਤ ਸਿੰਘ ਨਾਮ ਦਾ ਇਹ ਵਿਅਕਤੀ, ਭਦੌੜ, (ਬਰਨਾਲਾ) ਦਾ ਵਸਨੀਕ ਹੈ, ਜੋ ਕਿ ਆਪਣੇ ਸਾਥੀਆਂ ਨਾਲ ਮਿਲ ਕੇ ਭੋਲੇ ਭਾਲੇ ਲੋਕਾਂ ਨਾਲ ਉਨ੍ਹਾਂ ਦੀ ਜ਼ਮੀਨ ਦੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਉਨ੍ਹਾਂ ਨਾਲ ਧੋਖਾਧੜੀ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਨੂੰ ਥਾਣਾ ਆਈ ਟੀ ਸਿਟੀ ਦੇ ਮੁੱਖ ਅਫ਼ਸਰ ਇੰਸਪੈਕਟਰ ਸਤਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਵਲੋਂ 9 ਸਤੰਬਰ ਨੂੰ ਦਰਜ ਇੱਕ ਮਾਮਲੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਦੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਬੰਧਿਤ ਵਿਅਕਤੀ ਵਲੋਂ ਵੱਖ ਵੱਖ ਥਾਵਾਂ ਤੇ ਜਾਇਦਾਦ ਮਾਲਕਾਂ ਦੇ ਨਾਮ ਤੇ ਜਾਅਲੀ ਆਧਾਰ ਕਾਰਡ ਅਤੇ ਪੈਨ ਕਾਰਡ ਬਣਵਾ ਕੇ ਉਨ੍ਹਾਂ ਦੀ ਜ਼ਮੀਨ ਦੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਵਲੋਂ ਕਰੋੜਾਂ ਦੀ ਠੱਗੀ ਮਾਰੀ ਗਈ ਹੈ।
ਡੀਐੱਸਪੀ ਸ੍ਰੀ ਬੱਲ ਨੇ ਦੱਸਿਆ ਕਿ ਇਸ ਵਿਅਕਤੀ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਸੇਵਾਮੁਕਤ ਕਰਨਲ ਐਨ ਜੇ ਐਸ ਪੰਨੂ ਅਤੇ ਉਨ੍ਹਾਂ ਦੇ ਭਰਾ ਦੇ ਜਾਅਲੀ ਕਾਗਜ਼ ਤਿਆਰ ਕਰਕੇ ਉਨ੍ਹਾਂ ਦੀ ਤੰਗੌਰੀ ਵਿੱਚ ਸਥਿਤ 10 ਏਕੜ ਜ਼ਮੀਨ ਵੇਚ ਦਿੱਤੀ, ਜਿਸ ਸੰਬੰਧੀ ਸੇਵਾਮੁਕਤ ਕਰਨਲ ਵਲੋਂ ਉਨ੍ਹਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬਲਵੰਤ ਸਿੰਘ ਵਾਸੀ ਭਦੌੜ, ਬਰਨਾਲਾ ਆਪਣੇ ਸਾਥੀਆਂ ਨਾਲ ਮਿਲ ਕੇ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰਦਾ ਹੈ ਅਤੇ ਪੁਲੀਸ ਵਲੋਂ ਬਲਵੰਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਦੇ ਬਾਕੀ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬਲਵੰਤ ਸਿੰਘ ਦੇ ਖ਼ਿਲਾਫ਼ ਪਹਿਲਾ ਵੀ ਕਈ ਮੁਕੱਦਮੇ ਦਰਜ ਹਨ।