ਨਕਲੀ ਸੀਲਾਂ ਨਾਲ ਸ਼ਰਾਬ ਵੇਚਣ ਦੇ ਦੋਸ਼ ਹੇਠ ਗ੍ਰਿਫ਼ਤਾਰ
ਆਬਕਾਰੀ ਵਿਭਾਗ ਵੱਲੋਂ ਡੇਰਾਬੱਸੀ ਖੇਤਰ ਵਿੱਚ ਤਿੰਨ ਜਣਿਆਂ ਨੂੰ ਮਿਲਾਵਟੀ ਸ਼ਰਾਬ ਵੇਚਣ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਦੋ ਮੁਲਜ਼ਮ ਪਿੰਡ ਹਰੀਪੁਰ ਹਿੰਦੂਆਂ ਸ਼ਰਾਬ ਦੇ ਠੇਕੇ ’ਤੇ ਕੰਮ ਕਰਦੇ ਸੀ ਅਤੇ ਤੀਜਾ ਮਿਲਾਵਟ ਕਰਨ ’ਚ ਮਦਦ ਕਰਦਾ ਸੀ। ਮੁਲਜ਼ਮ ਠੇਕੇ ’ਤੇ ਅਸਲੀ ਬਰਾਂਡ ਦੀ ਸ਼ਰਾਬ ਦੀ ਬੋਤਲਾਂ ਵਿੱਚ ਪਾਣੀ ਮਿਲਾ ਕੇ ਵੇਚਦੇ ਸੀ। ਵਿਭਾਗ ਨੇ ਮੁਲਜ਼ਮ ਤੋਂ ਵੱਖ ਵੱਖ ਬ੍ਰਾਂਡ ਦੀਆਂ ਸ਼ਰਾਬ ਦੀ ਬੋਤਲਾਂ ਦੀਆਂ ਸੀਲਾਂ ਵੀ ਬਰਾਮਦ ਕੀਤੀਆਂ ਹਨ। ਜ਼ਿਲ੍ਹਾ ਪਟਿਆਲਾ ਦੇ ਡਿਪਟੀ ਕਮਿਸ਼ਨਰ (ਐਕਸਾਈਜ਼) ਤਰਸੇਮ ਚੰਦ ਤੇ ਅਸਿਸਟੈਂਟ ਕਮਿਸ਼ਨਰ (ਐਕਸਾਈਜ਼) ਅਸ਼ੋਕ ਚਲੋਤਰਾ ਦੀ ਹਦਾਇਤਾਂ ’ਤੇ ਤਲਾਸ਼ੀ ਮੁਹਿੰਮ ਦੌਰਾਨ ਐਕਸਾਈਜ਼ ਅਫਸਰ ਦਿਵਾਨ ਚੰਦ ਦੀ ਨਿਗਰਾਨੀ ਹੇਠ ਡੇਰਾਬੱਸੀ ਦੇ ਐਕਸਾਈਜ਼ ਇੰਸਪੈਕਟਰ ਕੁਲਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਦੋ ਫਰਾਰ ਹਨ। ਟੀਮ ਨੇ ਵੱਖ ਵੱਖ ਬਰਾਂਡ ਦੀਆਂ ਕੁੱਲ 404 ਨਕਲੀ ਕੈਪ ਸੀਲਾਂ ਬਰਾਮਦ ਕੀਤੀਆਂ ਹਨ। ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਅਭਿਸ਼ੇਕ ਵਾਸੀ ਡੇਰਾਬੱਸੀ ਵਜੋਂ ਹੋਈ, ਜਦਕਿ ਫਰਾਰ ਹੋਏ ਮੁਲਜ਼ਮਾਂ ਦੀ ਪਛਾਣ ਪਰਦੀਪ ਕੁਮਾਰ ਵਾਸੀ ਹਰਿਆਣਾ, ਫੂਲ ਚੰਦ ਰਿਹਾਇਸ਼ੀ ਹਰਿਆਣਾ ਵਜੋਂ ਹੋਈ ਹੈ।
ਡੇਰਾਬੱਸੀ ਪੁਲੀਸ ਸਟੇਸ਼ਨ ਵਿੱਚ ਪੰਜਾਬ ਐਕਸਾਈਜ਼ ਐਕਟ ਦੀ ਵੱਖ ਵੱਖ ਧਾਰਾ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਹੋਰ ਜਾਂਚ ਜਾਰੀ ਹੈ। ਵਿਭਾਗ ਵੱਲੋਂ ਸ਼ਰਾਬ ਵਿੱਚ ਮਿਲਾਵਟ ਕਰਨ ਵਾਲੇ ਦੋਸ਼ ਹੇਠ ਫੜੇ ਗਏ ਠੇਕੇਦਾਰ ਦੇ ਕਰਿੰਦਿਆਂ ਨੇ ਇਲਾਕੇ ਵਿੱਚ ਵਿਕਣ ਵਾਲੀਆਂ ਸ਼ਰਾਬ ਦੀ ਗੁਣਵੱਤਾ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।
