ਅਰਮਾਨ ਮਲਿਕ ਤੋਂ ਇੱਕ ਕਰੋੜ ਦੀ ਫਿਰੌਤੀ ਮੰਗੀ
ਦੋ ਪਤਨੀਆਂ ਕਰਕੇ ਸੁਰਖੀਆਂ ਵਿੱਚ ਰਹਿਣ ਵਾਲੇ ਹਰਿਆਣਾ ਦੇ ਯੂ-ਟਿਊਬਰ ਅਰਮਾਨ ਮਲਿਕ ਨੂੰ ਇਕ ਕਰੋੜ ਰੁਪਏ ਦੀ ਫਿਰੌਤੀ ਨੂੰ ਲੈ ਕੇ ਵਿਦੇਸ਼ੀ ਨੰਬਰ ਤੋਂ ਧਮਕੀਆਂ ਮਿਲ ਰਹੀਆਂ ਹਨ। ਅਰਮਾਨ ਮਲਿਕ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਮਗਰੋਂ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਰਮਾਨ ਮਲਿਕ ਨੇ ਦੱਸਿਆ ਕਿ ਉਸ ਨੂੰ ਲੰਘੇ 20 ਦਿਨਾਂ ਤੋਂ ਵਿਦੇਸ਼ੀ ਨੰਬਰਾਂ ਤੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਲਈ ਫੋਨ ਆ ਰਹੇ ਹਨ। ਫੋਨ ਕਰਨ ਵਾਲਾ ਵਿਅਕਤੀ ਧਮਕੀ ਦੇ ਰਿਹਾ ਹੈ ਜੇਕਰ ਮੰਗ ਨਾ ਪੂਰੀ ਕੀਤੀ ਤਾਂ ਉਹ ਨਤੀਜਾ ਭੁਗਤਣ ਲਈ ਤਿਆਰ ਰਹੇ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਅਰਮਾਨ ਮਲਿਕ ਨੇ ਦੱਸਿਆ ਕਿ ਧਮਕੀਆਂ ਦੇਣ ਵਾਲਾ ਕਿਸੇ ਵੀ ਗੈਂਗ ਦਾ ਨਾਂ ਨਹੀਂ ਲੈ ਰਿਹਾ। ਫੋਨ ਨਾ ਚੁੱਕਣ ’ਤੇ ਹੁਣ ਉਸ ਦੀਆਂ ਦੋਵੇਂ ਪਤਨੀਆਂ ਨੂੰ ਫੋਨ ਆ ਰਹੇ ਹਨ ਅਤੇ ਵਾਇਸ ਮੈਸੇਜ ਆ ਰਹੇ ਹਨ। ਹੁਣ ਤੱਕ ਪੰਜਾਹ ਦੇ ਕਰੀਬ ਵਾਇਸ ਮੈਸੇਜ ਮਿਲ ਚੁੱਕੇ ਹਨ।
ਉਸ ਨੇ ਸ਼ੱਕ ਪ੍ਰਗਟਾਇਆ ਕਿ ਧਮਕੀਆਂ ਦੇਣ ਵਾਲੇ ਨਾਲ ਕੋਈ ਉਸ ਦਾ ਜਾਣ-ਪਛਾਣ ਵਾਲਾ ਮਿਲਿਆ ਹੋਇਆ ਹੈ ਜੋ ਉਸ ਦੀ ਪਤਨੀਆਂ ਦੇ ਨੰਬਰ ਮੁਹੱਈਆ ਕਰਵਾ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਆਪਣੇ ਪਰਿਵਾਰ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਖ਼ਤਰਾ ਮਹਿਸੂਸ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਅਰਮਾਨ ਮਲਿਕ ਹਰਿਆਣਾ ਦਾ ਮਸ਼ਹੂਰ ਯੂ-ਟਿਊਬਰ ਹੈ ਜਿਸ ਦੇ ਲੱਖਾਂ ਵਿੱਚ ਫੋਲੋਅਰ ਹਨ। ਉਸ ਦੀ ਦੋ ਪਤਨੀਆਂ ਪਾਇਲ ਅਤੇ ਕ੍ਰਿਤਿਕਾ ਹਨ। ਅਰਮਾਨ ਮਲਿਕ ਨੇ ਦੋਵੇਂ ਪਤਨੀਆਂ ਨਾਲ ਬਿੱਗ ਬੌਸ ਸ਼ੋਅ ਵਿੱਚ ਹਿੱਸਾ ਲਿਆ ਸੀ। ਇਸ ਮਗਰੋਂ ਉਹ ਦੋ ਪਤਨੀਆਂ ਨੂੰ ਲੈ ਕੇ ਕਾਫੀ ਟਰੋਲ ਹੋਇਆ ਸੀ। ਬਿੱਗ ਬੌਸ ਸ਼ੋਅ ਦੌਰਾਨ ਉਸ ਨੇ ਆਪਣੇ ਨਾਲ ਦੇ ਕੰਟਟੇਸਟਟ ਵਿਸ਼ਾਲ ਪਾਂਡੇ ਨੂੰ ਥੱਪੜ ਮਾਰ ਦਿੱਤਾ ਸੀ ਜਿਸ ਕਾਰਨ ਕਾਫੀ ਵਿਵਾਦ ਹੋਇਆ ਸੀ। ਉਸ ਦੇ ਆਪਣੇ ਬੱਚੇ ਦੀ ਦੇਖ-ਰੇਖ ਕਰਨ ਵਾਲੀ ਲਕਸ਼ੇ ਨਾਲ ਤੀਜਾ ਵਿਆਹ ਕਰਨ ਦੀ ਅਫ਼ਵਾਹ ਉੱਡੀ ਸੀ ਜਿਸ ਨੂੰ ਉਸ ਦੀਆਂ ਦੋਵੇਂ ਪਤਨੀਆਂ ਨੇ ਖਾਰਿਜ ਕਰ ਦਿੱਤਾ ਸੀ। ਪਾਇਲ ਨੇ ਕਾਲੀ ਮਾਤਾ ਵਜੋਂ ਲੰਘੇ ਦਿਨੀਂ ਸੋਸ਼ਲ ਮੀਡੀਆ ’ਤੇ ਪਾਈ ਸੀ, ਜਿਸ ਦਾ ਹਿੰਦੂ ਜਥੇਬੰਦੀਆਂ ਨੇ ਭਾਰੀ ਵਿਰੋਧ ਕੀਤਾ ਸੀ। ਇਸ ਮਗਰੋਂ ਅਰਮਾਨ ਮਲਿਕ ਅਤੇ ਉਸ ਦੀ ਪਤਨੀ ਨੇ ਮੁਆਫ਼ੀ ਮੰਗੀ ਸੀ ਅਤੇ ਸਜ਼ਾ ਵਜੋਂ ਪਾਇਲ ਨੇ ਸੱਤ ਦਿਨ ਲਈ ਮੁਹਾਲੀ ਦੇ ਮੰਦਿਰ ਵਿੱਚ ਸੇਵਾ ਕੀਤੀ ਸੀ।
ਮਾਮਲੇ ਦੀ ਜਾਂਚ ਜਾਰੀ
ਥਾਣਾ ਮੁਖੀ ਇੰਸਪੈਕਟਰ ਸਤਿੰਦਰ ਸਿੰਘ ਨੇ ਕਿਹਾ ਕਿ ਅਰਮਾਨ ਮਲਿਕ ਨੂੰ ਪਹਿਲਾਂ ਵੀ ਧਮਕੀਆਂ ਮਿਲੀਆਂ ਸੀ ਜਿਸ ਸਬੰਧੀ ਪਹਿਲਾਂ ਹੀ ਕੇਸ ਦਰਜ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਵੀ ਉਸੇ ਕੇਸ ਵਿੱਚ ਨਾਲ ਜੋੜ ਦਿੱਤਾ ਜਾਵੇਗਾ।
