ਡੇਰਾਬੱਸੀ ਵਿੱਚ ਨਵਾਂ ਕੋਰਟ ਕੰਪਲੈਕਸ ਬਣਾਉਣ ਦੀ ਮਨਜ਼ੂਰੀ
ਹਰਜੀਤ ਸਿੰਘ
ਡੇਰਾਬੱਸੀ, 26 ਮਾਰਚ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਬਜਟ ਦੌਰਾਨ ਡੇਰਾਬੱਸੀ, ਖੰਨਾ ਅਤੇ ਪਾਤੜਾ ਵਿਖੇ 132 ਕਰੋੜ ਰੁਪਏ ਦੀ ਲਾਗਤ ਨਾਲ ਜੁਡੀਸ਼ੀਅਲ ਕੋਰਟ ਕੰਪਲੈਕਸ ਬਣਾਉਣ ਦੇ ਐਲਾਨ ’ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਡੇਰਾਬੱਸੀ ਵਿੱਚ ਅਦਾਲਤੀ ਕੰਪਲੈਕਸ ਬਣਾਉਣ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਬਜਟ ਸੈਸ਼ਨ ਦੌਰਾਨ ਉਨ੍ਹਾਂ ਨੇ ਡੇਰਾਬੱਸੀ ਹਲਕੇ ਲਈ ਕਈ ਅਹਿਮ ਪ੍ਰਾਜੈਕਟਾਂ ਲਈ ਸਰਕਾਰ ਤੋਂ ਨਾ ਸਿਰਫ਼ ਪ੍ਰਵਾਨਗੀ ਲਈ ਹੈ ਸਗੋਂ ਇਸ ਸਬੰਧੀ ਫੰਡ ਮੁਹੱਈਆ ਕਰਵਾਉਣ ਵਿੱਚ ਵੀ ਸਫ਼ਲਤਾ ਹਾਸਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਹਲਕਾ ਵਿਧਾਇਕ ਨੇ ਵਿਧਾਨ ਸਭਾ ਸਦਨ ਵਿੱਚ ਮੁੱਦਾ ਚੁੱਕਦਿਆਂ ਕਿਹਾ ਸੀ ਕਿ ਡੇਰਾਬੱਸੀ ਪੰਜਾਬ ਦਾ ਬਹੁਤ ਵੱਡਾ ਹਲਕਾ ਹੈ, ਜਿਸ ਦੀ ਆਬਾਦੀ 10 ਤੋਂ 12 ਲੱਖ ਦੇ ਕਰੀਬ ਹੈ। ਪਿੰਡ ਜਵਾਹਰਪੁਰ ਵਿੱਚ ਪੰਚਾਇਤ ਤੋਂ 6 ਏਕੜ 7 ਕਨਾਲ 13 ਮਰਲੇ ਜ਼ਮੀਨ 5 ਕਰੋੜ 28 ਲੱਖ 83 ਹਜ਼ਾਰ 333 ਰੁਪਏ ਵਿੱਚ ਖਰੀਦੀ ਗਈ ਹੈ। ਰੰਧਾਵਾ ਨੇ ਸਪੱਸ਼ਟ ਕੀਤਾ ਕਿ ਇਹ ਜ਼ਮੀਨ ਗ੍ਰਹਿ ਵਿਭਾਗ ਵੱਲੋਂ ਸਬ-ਡਵੀਜ਼ਨਲ ਜੁਡੀਸ਼ੀਅਲ ਕੋਰਟ ਕੰਪਲੈਕਸ ਦੀ ਉਸਾਰੀ ਲਈ ਖਰੀਦੀ ਗਈ ਹੈ। ਸਰਕਾਰ ਨੂੰ ਅਦਾਲਤੀ ਕੰਪਲੈਕਸ ਦੀ ਉਸਾਰੀ ਜਲਦੀ ਤੋਂ ਜਲਦੀ ਸ਼ੁਰੂ ਕਰਵਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਸਰਕਾਰ ਵੱਲੋਂ ਮਨਜ਼ੂਰੀ ਮਿਲਣ ’ਤੇ ਵਿਧਾਇਕ ਰੰਧਾਵਾ ਨੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਦਾਲਤੀ ਕੰਪਲੈਕਸ ਦੀ ਉਸਾਰੀ ਤੋਂ ਪਹਿਲਾਂ ਇਸ ਦੀ ਜਗ੍ਹਾ ਸਬੰਧੀ ਤਕਨੀਕੀ ਮਾਹਿਰਾਂ ਨਾਲ ਅਹਿਮ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਅਦਾਲਤੀ ਕੰਪਲੈਕਸ ਦਾ ਲਾਭ ਮਿਲ ਸਕੇ।
ਬਜਟ ਦਾ ਸਵਾਗਤ
ਨੰਗਲ (ਬਲਵਿੰਦਰ ਰੈਤ): ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਦੇ ਚੇਅਰਮੈਨ ਡਾ. ਸੰਜੀਵ ਗੌਤਮ ਅਤੇ ‘ਆਪ’ ਆਗੂਆਂ ਨੇ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਬਜਟ ਮੌਕੇ ਨੰਗਲ ਨੂੰ ਸੈਰ-ਸਪਾਟਾ ਹੱਬ ਵੱਜੋਂ ਵਿਕਸਤ ਕਰਨ ਲਈ 10 ਕਰੋੜ ਰੁਪਏ ਰਾਖਵੇਂ ਰੱਖਣ ਦੀ ਤਜਵੀਜ਼ ਦੇ ਐਲਾਨ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਈ ਵਾਰ ਇਸ ਨੀਮ ਪਹਾੜੀ ਇਲਾਕੇ ਦੀ ਕੁਦਰਤੀ ਸੁੰਦਰਤਾਂ ਨੂੰ ਹੋਰ ਨਿਖਾਰਨ ਦਾ ਐਲਾਨ ਕਰ ਚੁੱਕੇ ਹਨ। ਇਸ ਮੌਕੇ ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਸੁਮਿਤ ਕੁਮਾਰ, ਮਨਜੋਤ ਸਿੰਘ, ਰਾਜੂ ਆਰੋੜਾ, ਜੱਗਿਆ ਦੱਤ, ਨਿਸ਼ਾਂਤ ਗੁਪਤਾ, ਰਾਕੇਸ਼ ਚੌਧਰੀ, ਸਤੀਸ਼ ਚੋਪੜਾ ਆਦਿ ਨੇ ਸਰਕਾ ਦਾ ਧੰਨਵਾਦ ਕੀਤਾ।