ਪਾਕਿ ’ਚ ਗੁਰਧਾਮਾਂ ਦੇ ਦਰਸ਼ਨਾਂ ਲਈ ਅਰਜ਼ੀਆਂ ਮੰਗੀਆਂ
ਅੰਬਾਲਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ’ਤੇ ਪਾਕਿਸਤਾਨ ਜਾਣ ਦੇ ਚਾਹਵਾਨ ਸ਼ਰਧਾਲੂ 08 ਅਗਸਤ ਤੱਕ ਅੰਬਾਲਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਅਰਜ਼ੀਆਂ ਦੇ ਸਕਦੇ ਹਨ। ਸਿਟੀ ਮੈਜਿਸਟ੍ਰੇਟ ਅਭਿਸ਼ੇਕ ਗਰਗ ਨੇ ਕਿਹਾ ਕਿ ਹਰ ਸਾਲ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ’ਤੇ ਪਾਕਿਸਤਾਨ ਜਾਣ ਦੇ ਚਾਹਵਾਨ ਸ਼ਰਧਾਲੂਆਂ ਨੂੰ ਗ੍ਰਹਿ ਮੰਤਰਾਲੇ ਤੋਂ ਇਜਾਜ਼ਤ ਲੈਣੀ ਪੈਂਦੀ ਹੈ। 8 ਅਗਸਤ ਤੋਂ ਬਾਅਦ ਕੋਈ ਵੀ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ। -ਨਿੱਜੀ ਪੱਤਰ ਪ੍ਰੇਰਕ
ਕਰੰਟ ਲੱਗਣ ਕਾਰਨ ਮੌਤ
ਪੰਚਕੂਲਾ: ਰਾਏਪੁਰ ਰਾਣੀ ਦੇ ਤੁਰੋ ਵਿੱਚ ਕਰੰਟ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਮ ਸਿੰਘ (40) ਵਜੋਂ ਹੋਈ ਹੈ। ਰਾਮ ਸਿੰਘ ਖੇਤੀਬਾੜੀ ਅਤੇ ਦੁੱਧ ਡੇਅਰੀ ਵਿੱਚ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ, ਸਵੇਰੇ ਰਾਮ ਸਿੰਘ ਘਰ ਵਿੱਚ ਨਹਾਉਣ ਲਈ ਟੁੱਲੂ ਪੰਪ ਚਲਾ ਰਿਹਾ ਸੀ, ਜਦੋਂ ਉਸਨੂੰ ਬਿਜਲੀ ਦਾ ਕਰੰਟ ਲੱਗਿਆ। ਪਰਿਵਾਰ ਤੁਰੰਤ ਉਸਨੂੰ ਇਲਾਜ ਲਈ ਸੀਐਚਸੀ ਰਾਏਪੁਰ ਰਾਣੀ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸ਼ਾਂ ਨੂੰ ਵਾਪਿਸ ਦੇ ਦਿੱਤੀ । -ਪੱਤਰ ਪ੍ਰੇਰਕ
ਨੌਜਵਾਨ ਦੀ ਲਾਸ਼ ਮਿਲੀ
ਅੰਬਾਲਾ: ਘਰੋਂ ਕਾਂਵੜ ਲੈਣ ਨਿਕਲੇ ਰਾਏਵਾਲੀ ਦੇ ਰਹਿਣ ਵਾਲੇ ਨਰਿੰਦਰ ਸਿੰਘ (33 ਸਾਲ) ਦੀ ਲਾਸ਼ ਟਾਂਗਰੀ ਵਿੱਚੋਂ ਮਿਲੀ ਹੈ। ਉਸ ਦਾ ਬੁਲੇਟ ਮੋਟਰਸਾਈਕਲ ਨੇੜੇ ਹੀ ਖੜ੍ਹਾ ਮਿਲਿਆ। ਮ੍ਰਿਤਕ ਦੇ ਪਿਤਾ ਗੁਰਮੇਲ ਸਿੰਘ ਅਨੁਸਾਰ ਉਸ ਦੇ ਪੁੱਤਰ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ। ਉਸ ਨੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨ ’ਤੇ ਮਹੇਸ਼ ਨਗਰ ਥਾਣੇ ਵਿੱਚ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਨਰਿੰਦਰ ਸਿੰਘ 15 ਜੁਲਾਈ ਨੂੰ ਸ਼ਾਮ 6 ਵਜੇ ਦੇ ਕਰੀਬ ਹਰਿਦੁਆਰ ਤੋਂ ਕਾਂਵੜ ਲਿਆਉਣ ਲਈ ਆਪਣੀ ਬੁਲੇਟ ’ਤੇ ਨਿਕਲਿਆ ਸੀ। -ਨਿੱਜੀ ਪੱਤਰ ਪ੍ਰੇਰਕ
ਗਊਆਂ ਦਾ ਭਰਿਆ ਟਰੱਕ ਫੜਿਆ
ਸ੍ਰੀ ਆਨੰਦਪੁਰ ਸਾਹਿਬ: ਗਊ ਰੱਖਿਆ ਦਲ ਦੇ ਮੈਂਬਰਾਂ ਨੇ ਅੱਜ ਨਜ਼ਦੀਕੀ ਪਿੰਡ ਮਾਂਗੇਵਾਲ ਕੋਲ ਤਕਰੀਬਨ ਇੱਕ ਦਰਜਨ ਗਊਆਂ ਨਾਲ ਭਰਿਆ ਟਰੱਕ ਫੜਿਆ ਤੇ ਮੌਕੇ ’ਤੇ ਪੁਲੀਸ ਨੂੰ ਬੁਲਾ ਕੇ ਗਊਆਂ ਦੀ ਤਸਕਰੀ ਕਰਨ ਵਾਲਿਆਂ ਦੇ ਖਿਲਾਫ਼ ਢੁੱਕਵੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਗਊ ਰੱਖਿਆ ਦਲ ਦੇ ਕੌਮੀ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗਊਆਂ ਦਾ ਭਰਿਆ ਟਰੱਕ ਗੁਰਦਾਸਪੁਰ ਤੋਂ ਸ੍ਰੀ ਆਨੰਦਪੁਰ ਸਾਹਿਬ ਦੇ ਰਸਤੇ ਜੰਮੂ ਕਸ਼ਮੀਰ ਪੁਜਾਇਆ ਜਾਣਾ ਸੀ ਜਿੱਥੇ ਬੁੱਚੜਖਾਨਿਆਂ ਵਿੱਚ ਇਨ੍ਹਾਂ ਦੀ ਵੱਢ-ਟੁੱਕ ਕੀਤੀ ਜਾਣੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਗਊ ਤਸਕਰੀ ਵੱਡੇ ਪੱਧਰ ’ਤੇ ਚੱਲ ਰਹੀ ਹੈ ਤੇ ਖਾਸ ਤੌਰ ’ਤੇ ਮਾਝੇ ਇਲਾਕੇ ਅੰਦਰ ਗਊ ਤਸਕਰ ਸਰਗਰਮ ਹਨ। ਐੱਸਆਈ ਧਰਮਪਾਲ ਨੇ ਕਿਹਾ ਕਿ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮੁਲਜ਼ਮ ਫ਼ਰਾਰ ਹਨ। -ਪੱਤਰ ਪ੍ਰੇਰਕ
ਚੋਰੀ ਦੇ ਐਕਟਿਵਾ ਸਣੇ ਤਿੰਨ ਕਾਬੂ
ਚੰਡੀਗੜ੍ਹ: ਚੰਡੀਗੜ੍ਹ ਪੁਲੀਸ ਦੇ ਅਪਰੇਸ਼ਨ ਸੈੱਲ ਨੇ ਦੋ ਵੱਖ-ਵੱਖ ਪੁਲੀਸ ਨਾਕਿਆਂ ਉਤੇ ਚੈਕਿੰਗ ਦੌਰਾਨ ਵਹੀਕਲ ਚੋਰੀ ਕਰਨ ਦੇ ਸਬੰਧ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਚੋਰੀ ਹੋਏ ਵਾਹਨ ਬਰਾਮਦ ਕੀਤੇ ਹਨ। ਵੇਰਵਿਆਂ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਨਾਂ ਅਮਿਤ ਨਿਵਾਸੀ ਹਰਮਿਲਾਪ ਨਗਰ ਬਲਟਾਣਾ (ਮੁਹਾਲੀ) ਅਤੇ ਸ਼ਿਵਮ ਉਰਫ ਮੋਨੂੰ ਨਿਵਾਸੀ ਸੈਣੀ ਵਿਹਾਰ ਬਲਟਾਣਾ (ਮੁਹਾਲੀ) ਅਤੇ ਅਮਨ ਨਿਵਾਸੀ ਅੰਬਾ ਫਾਰਮ ਮਲੋਆ ਦੱਸੇ ਜਾਂਦੇ ਹਨ ਜੋ ਕਿ ਸ਼ਹਿਰ ਵਿੱਚ ਚੋਰੀ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਸਨ। -ਪੱਤਰ ਪ੍ਰੇਰਕ