ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ’ਚ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ
ਫ਼ਤਹਿਗੜ੍ਹ ਸਾਹਿਬ, 29 ਮਈ
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿੱਚ ਠੇਕੇ ਦੇ ਆਧਾਰ ’ਤੇ 11 ਮਹੀਨੇ ਲਈ ਵੱਖ-ਵੱਖ ਅਸਾਮੀਆਂ ਲਈ ਬਿਨੈ ਪੱਤਰ ਮੰਗੇ ਗਏ ਹਨ, ਚਾਹਵਾਨ ਨੌਜਵਾਨ 2 ਜੂਨ ਤੱਕ ਆਪਣੇ ਬਿਨੈ- ਪੱਤਰ ਜਮ੍ਹਾਂ ਕਰਵਾ ਸਕਦੇ ਹਨ। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਮਾਂਡਰ ਸੇਵਾਮੁਕਤ ਬਲਜਿੰਦਰ ਵਿਰਕ ਨੇ ਦੱਸਿਆ ਕਿ ਦਫ਼ਤਰ ਵਿਖੇ ਸੀਨੀਅਰ ਇੰਸਟਰਕਟਰ, ਪੀਟੀਆਈ ਅਤੇ ਸੇਵਾਦਾਰ-ਕਮ-ਸਫ਼ਾਈ ਸੇਵਕ ਦੀ 1-1 ਅਸਾਮੀ ਲਈ ਭਰਤੀ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਸੀਨੀਅਰ ਇੰਸਟਰਕਟਰ ਦੀ ਅਸਾਮੀ ਲਈ ਵਿਦਿਅਕ ਯੋਗਤਾ ਬੀਏ, ਪੀਟੀਆਈ ਲਈ ਪੀਟੀ ਕੋਰਸ/ਬੀਪੀਐਡ/ਐਮਐਡ ਅਤੇ ਸੇਵਾਦਾਰ-ਕਮ-ਸਫਾਈ ਸੇਵਕ ਦੀ ਅਸਾਮੀ ਲਈ ਅੱਠਵੀਂ ਜਮਾਤ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਣੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਯੋਗ ਉਮੀਦਵਾਰ ਆਪਣੀ ਪ੍ਰਤੀ ਬੇਨਤੀ ਸਮੇਤ ਯੋਗਤਾ ਸਰਟੀਫਿਕੇਟ ਦੀਆਂ ਕਾਪੀਆਂ ਨੱਥੀ ਕਰਕੇ ਨਿੱਜੀ ਤੌਰ ’ਤੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਫ਼ਤਹਿਗੜ੍ਹ ਸਾਹਿਬ ਵਿਖੇ ਨਿਰਧਾਰਤ ਮਿਤੀ ਤੋਂ ਪਹਿਲਾਂ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਿਰਧਾਰਤ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਪ੍ਰਤੀ ਬੇਨਤੀਆਂ ਮੰਨਣਯੋਗ ਨਹੀਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਇੰਟਰਵਿਊ ਤੇ ਟੈਸਟ 3 ਜੂਨ ਨੂੰ ਸਵੇਰੇ 9:30 ਵਜੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਹੋਵੇਗੀ। ਚਾਹਵਾਨ ਉਮੀਦਵਾਰ ਆਪਣੇ ਵਿਦਿਅਕ ਯੋਗਤਾ ਸਰਟੀਫਿਕੇਟ ਅਸਲ ਦਸਤਾਵੇਜਾਂ ਸਮੇਤ ਇੱਕ ਪਾਸਪੋਰਟ ਸਾਈਜ਼ ਫੋਟੋ ਲੈ ਕੇ ਨਿਰਧਾਰਤ ਮਿਤੀ ਤੇ ਦਫ਼ਤਰ ਪਹੁੰਚ ਸਕਦੇ ਹਨ।