ਸਮਾਜ-ਸੇਵੀ ਸੰਸਥਾਵਾਂ ਵੱਲੋਂ ਹੜ੍ਹ-ਪੀੜਤਾਂ ਦੀ ਸਹਾਇਤਾ ਲਈ ਅਪੀਲ
ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੀਆਂ ਕੰਗ ਯਾਦਗਾਰੀ ਸਿੱਖਿਆ - ਸੰਸਥਾਵਾਂ ਵਿਖੇ ਹੜ੍ਹ ਪ੍ਰਭਾਵਤ ਲੋਕਾਂ ਦੀ ਸਹਾਇਤਾ ਕਰਨ ਲਈ ਚਮਕੌਰ ਸਾਹਿਬ ਦੀਆਂ ਸਮਾਜ-ਸੇਵੀ ਸੰਸਥਾਵਾਂ ਦੀ ਮੀਟਿੰਗ ਦੌਰਾਨ ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ, ਸਹਾਰਾ ਸੇਵਾ ਸੁਸਾਇਟੀ, ਆਦਰਸ਼ ਉਪਕਾਰੀ ਟਰੱਸਟ ਅਤੇ ਉਪਕਾਰ ਸੇਵਾ ਸੁਸਾਇਟੀ ਦੇ ਆਗੂਆਂ ਨੇ ਹੜ੍ਹ ਪੀੜਤਾਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਫੈਸਲਾ ਲਿਆ। ਪੰਜਾਬੀ ਫਿਲਮ-ਜਗਤ ਦੀ ਪ੍ਰਸਿੱਧ ਅਦਾਕਾਰ ਗੁਰਪ੍ਰੀਤ ਕੌਰ ਭੰਗੂ, ਉੱਘੇ ਸਮਾਜਸੇਵੀ ਅਮਨਦੀਪ ਸਿੰਘ ਮਾਂਗਟ, ਸਵਰਨ ਸਿੰਘ ਭੰਗੂ, ਸਰਪੰਚ ਵਿਜੈ ਕੁਮਾਰ ਬਸੀ ਗੁੱਜਰਾਂ ਅਤੇ ਸਮਾਜਸੇਵੀ ਬਲਦੇਵ ਸਿੰਘ ਹਾਫਿਜ਼ਾਬਾਦ ਨੇ ਸਾਂਝੇ ਤੌਰ ’ਤੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੜ੍ਹ-ਪੀੜਤਾਂ ਲਈ ਰੋਜ਼ਾਨਾਂ ਵਰਤੋਂ ਦੀਆਂ ਵਸਤਾਂ ਦੇ ਰੂਪ ਵਿੱਚ ਵੱਧ ਤੋਂ ਵੱਧ ਸਹਾਇਤਾ ਭੇਜਣ। ਵਸਤਾਂ ਇਕੱਠੀਆਂ ਕਰਨ ਲਈ ਕੰਗ ਯਾਦਗਾਰੀ ਸਕੂਲ ਬਸੀ ਗੁੱਜਰਾਂ ਅਤੇ ਮਾਂਗਟ ਮੋਟਰ ਸਾਇਕਲ ਏਜੰਸੀ ਚਮਕੌਰ ਸਾਹਿਬ ਥਾਵਾਂ ਨਿਰਧਾਰਤ ਕੀਤੀਆਂ ਗਈਆਂ। ਉਕਤ ਸੰਸਥਾਵਾਂ ਦੇ ਮੁਖੀਆਂ ਨੇ ਫ਼ੈਸਲਾ ਲਿਆ ਕਿ ਉਹ ਆਪਣੀਆਂ ਸੰਸਥਾਵਾਂ ਵੱਲੋਂ ਵਸਤਾਂ ਤੋਂ ਇਲਾਵਾ ਇੱਕ ਲੱਖ ਰੁਪਿਆ ਨਕਦ ਇਸ ਸੇਵਾ ਵਿੱਚ ਸ਼ਾਮਲ ਕਰ ਰਹੇ ਹਨ। ਇਸ ਮੌਕੇ ਅਮਨਦੀਪ ਕੌਰ, ਕਰਨਜੋਤ ਕੌਰ ਹਾਜ਼ਰ ਸਨ।