ਰਿਮਟ ਯੂਨੀਵਰਸਿਟੀ ’ਚ ਸਾਲਾਨਾ ਸਮਾਗਮ
ਰਿਮਟ ਯੂਨੀਵਰਸਿਟੀ ਮੰਡੀ-ਗਬਿੰਦਗੜ੍ਹ ਨੇ ਸਾਲਾਨਾ ਦੋ-ਰੋਜ਼ਾ ‘ਕਾਰਾਵਨ 2025’ ਕਰਵਾਇਆ। ਇਸ ਮੌਕੇ ਫਾਈਨ ਆਰਟਸ, ਮੀਡੀਆ, ਸਾਹਿਤਕ ਅਤੇ ਸੱਭਿਆਚਾਰਕ ਕਲੱਬਾਂ ਦੇ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਫਾਈਨ ਆਰਟਸ ਕਲੱਬ ਦੇ ਈਕੋ ਫੈਂਟਸੀ ਕਾਸਟਿਊਮ ਡਿਜ਼ਾਈਨ, ਕ੍ਰਿਏਟਿਵ ਟੀ-ਸ਼ਰਟ ਪੇਂਟਿੰਗ, ਕਲੇਅ ਫੈਨਟਸੀ ਸਕਲਪਟ, ਫੈਂਟਸੀ ਫੇਸ ਆਰਟ ਅਤੇ ਸਪੀਡ ਕੈਨਵਸ ਚੈਲੇਂਜ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੀਡੀਆ ਕਲੱਬ ਦੇ ਰੀਲ ਮੇਕਿੰਗ, ਰਿਮਟ ਗੌਟ ਟੈਲੇਂਟ ਅਤੇ ਓਪਨ ਮਾਈਕ ਮੁਕਾਬਲੇ ਕਰਵਾਏ ਗਏ। ਲਿਟਰੇਰੀ ਕਲੱਬ ਦੇ ਬਹਿਸ, ਘੋਸ਼ਣਾ ਅਤੇ ਕਵਿਤਾ ਪਾਠ ਮੁਕਾਬਲੇ ਹੋਏ। ਨਿਤਿਨ ਖੁਰਮੀ ਨੇ ਮਿਸਟਰ ਆਗਾਜ਼ ਅਤੇ ਹਵਾਈਬਮ ਰੇਬਰੋਨੀ ਨੇ ਮਿਸ ਆਗਾਜ਼ ਦਾ ਖਿਤਾਬ ਜਿੱਤਿਆ। ਪ੍ਰੋਗਰਾਮ ’ਚ ਗਾਇਕ ਗੁਰਨਾਮ ਭੁੱਲਰ ਨੇ ਲਾਈਵ ਪ੍ਰਦਰਸ਼ਨ ਕੀਤਾ।
ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ
ਚੰਡੀਗੜ੍ਹ: ਮਨੀਮਾਜਰਾ ਖੇਤਰ ਵਿਚ ਰੇਲਵੇ ਅੰਡਰਬ੍ਰਿਜ ਤੋਂ ਸੁਭਾਸ਼ ਨਗਰ ਤੱਕ ਦੀ ਸੜਕ ਦੀ ਮੁਰੰਮਤ ਦਾ ਕੰਮ ਅੱਜ ਨਿਗਮ ਕੌਂਸਲਰ ਦਰਸ਼ਨਾ ਰਾਣੀ ਨੇ ਸ਼ੁਰੂ ਕਰਵਾਇਆ। ਉਨ੍ਹਾਂ ਦੱਸਿਆ ਕਿ ਕਈ ਸਾਲਾਂ ਤੋਂ ਇਹ ਸੜਕ ਟੁੱਟੀ ਹੋਈ ਸੀ ਜਿਸ ਕਰਕੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਬਰਸਾਤ ਦੇ ਦਿਨਾਂ ਵਿੱਚ ਪਾਣੀ ਖੜ੍ਹ ਜਾਣਾ, ਵਾਹਨਾਂ ਦਾ ਫਿਸਲਣਾ, ਹਰ ਰੋਜ਼ ਜਾਮ ਲੱਗ ਜਾਣਾ ਅਤੇ ਪੈਦਲ ਚੱਲਣਾ ਤੱਕ ਮੁਸ਼ਕਿਲ ਹੋ ਜਾਂਦਾ ਸੀ। ਜ਼ਿਲ੍ਹਾ ਕਾਂਗਰਸ ਪ੍ਰਧਾਨ ਸੁਰਜੀਤ ਢਿੱਲੋਂ ਨੇ ਕਿਹਾ ਕਿ ਇਹ ਸੜਕ ਮਨੀਮਾਜਰਾ ਦੀ ਲਾਈਫ ਲਾਈਨ ਹੈ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਸੰਜੀਵ ਗਾਬਾ, ਸਕੱਤਰ ਉਰਵਸ਼ੀ ਸ਼ਰਮਾ, ਇਮਰਾਨ ਮਸੂਰੀ, ਸ਼ਾਮ ਸਿੰਘ, ਵਰਿੰਦਰ ਸ਼ਰਮਾ ਬੌਬੀ, ਦੀਪਕ ਵਿੱਕੀ, ਐੱਸ ਐੱਸ ਪਰਵਾਨਾ, ਭਾਰਤ ਭੂਸ਼ਣ ਗੋਯਲ ਅਤੇ ਪ੍ਰਦੀਪ ਹਾਜ਼ਰ ਸਨ। -ਪੱਤਰ ਪ੍ਰੇਰਕ
ਦੋ ਰੋਜ਼ਾ ਸਮਰੱਥਾ ਨਿਰਮਾਣ ਵਰਕਸ਼ਾਪ ਸ਼ੁਰੂ
ਮੰਡੀ ਗੋਬਿੰਦਗੜ੍ਹ: ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿਖੇ ਨਵੀਨਤਾ, ਡਿਜ਼ਾਈਨ ਅਤੇ ਉੱਦਮਤਾ ’ਤੇ ਦੋ ਰੋਜ਼ਾ ਸਮਰੱਥਾ ਨਿਰਮਾਣ ਵਰਕਸ਼ਾਪ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਅਤੇ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਵਲੋਂ ਸਾਂਝੇ ਤੌਰ ’ਤੇ ਵਾਧਵਾਨੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਸ਼ੁਰੂ ਹੋਈ। ਯੂਨੀਵਰਸਿਟੀ ’ਚ ਹੋਏ ਰਾਜ ਪੱਧਰੀ ਉਦਘਾਟਨ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ. ਚਾਂਸਲਰ ਡਾ. ਤਜਿੰਦਰ ਕੌਰ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਐੱਸ ਸੀ ਈ ਆਰ ਟੀ ਦੇ ਸਹਾਇਕ ਡਾਇਰੈਕਟਰ ਰਾਜੀਵ ਕੁਮਾਰ, ਗੈਸਟ ਆਫ ਆਨਰ, ਸਟੇਟ ਰਿਸੋਰਸ ਪਰਸਨ ਰਮਨ ਕੁਮਾਰ ਅਤੇ ਇਨੋਵੇਸਨ ਮੈਨੇਜਰ ਅੰਕੁਸ਼ ਗਾਵਰੀ ਨੇ ਸੰਬੋਧਨ ਕੀਤਾ। ਮਾਹਰ ਸੈਸ਼ਨ ਦੌਰਾਨ ਵਿਸ਼ਾਲ ਨਾਇਰ, ਡਾ. ਸ਼ਿਵਾਨੀ ਗੁਪਤਾ ਅਤੇ ਡਾ. ਤੁਲਿਕਾ ਮਹਿਤਾ ਨੇ ਚਰਚਾ ਕੀਤੀ। ਡਾ. ਅਜੇ ਗੁਪਤਾ ਡਾਇਰੈਕਟਰ ਰਿਸਰਚ ਨੇ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ
ਐੱਨ ਓ ਸੀ ਸ਼ਰਤ ਖ਼ਤਮ ਕਰਨ ਦੀ ਸ਼ਲਾਘਾ
ਫ਼ਤਹਿਗੜ੍ਹ ਸਾਹਿਬ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਲੋਕਾਂ ਲਈ ਵੱਡੀ ਰਾਹਤ ਦਿੰਦਿਆਂ ਬਿਜਲੀ ਕੁਨੈਕਸ਼ਨ ਲੈਣ ਲਈ ਐੱਨ ਓ ਸੀ ਦੀ ਸ਼ਰਤ ਖ਼ਤਮ ਕਰ ਦਿੱਤੀ ਹੈ, ਜਿਸ ਤੋਂ ਪੰਜਾਬ ਦੇ ਲੱਖਾਂ ਲੋਕ ਪ੍ਰੇਸ਼ਾਨ ਸਨ। ‘ਆਪ’ ਆਗੂਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਲਏ ਅਹਿਮ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ, ਅਜੀਤ ਸਿੰਘ ਤਿੰਬਰਪੁਰ, ਸ਼ੁਕਦੀਨ, ਬਲਾਕ ਪ੍ਰਧਾਨ ਪਰੈਹਲਾਦ ਸਿੰਘ ਦਾਦੂਮਾਜਰਾ ਅਤੇ ਗੁਰਕਰਮ ਸਿੰਘ ਦਾਦੂਮਾਜਰਾ ਨੇ ਕਿਹਾ ਕਿ ਬਿਜਲੀ ਸਬੰਧੀ ਪੰਜਾਬ ਸਰਕਾਰ ਨੇ ਲੋਕਾਂ ਨੂੰ ਪਹਿਲਾਂ 600 ਯੂਨਿਟ ਮੁਫ਼ਤ, ਕਿਸਾਨਾਂ ਨੂੰ ਦਿਨ ਵਿੱਚ ਮੋਟਰਾਂ ਦੀ ਸਪਲਾਈ ਵਰਗੇ ਵਧੀਆ ਕਦਮ ਚੁੱਕੇ ਹਨ। -ਨਿੱਜੀ ਪੱਤਰ ਪ੍ਰੇਰਕ
‘ਆਪ’ ਮੁੜ ਬਹੁਮਤ ਨਾਲ ਜਿੱਤੇਗੀ: ਚਰਨ ਦਾਸ
ਰੂਪਨਗਰ: ‘ਆਪ’ ਦੇ ਘਾੜ ਇਲਾਕੇ ਦੇ ਬਲਾਕ ਪ੍ਰਧਾਨ ਚੌਧਰੀ ਚਰਨ ਦਾਸ ਬਰਦਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਨੇ ਲੋਕਾਂ ਦੇ ਦਿਲ ਜਿੱਤ ਲਏ ਹਨ। ਉਨ੍ਹਾਂ ਕਿਹਾ ਕਿ ਤਰਨ ਤਾਰਨ ਹਲਕੇ ਦੇ ਲੋਕਾਂ ਨੇ ‘ਆਪ’ ਉਮੀਦਵਾਰ ਨੂੰ ਜਿਤਾ ਕੇ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ’ਤੇ ਮੋਹਰ ਲਾਈ ਹੈ ਅਤੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਸੂਬੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ। ਇਸ ਮੌਕੇ ਕੁਲਵੀਰ ਸਿੰਘ ਹਰੀਪੁਰ ਵੀ ਮੌਜੂਦ ਸਨ। -ਪੱਤਰ ਪ੍ਰੇਰਕ
