‘ਅਨਮੋਲ ਬਿਸ਼ਨੋਈ ਨੂੰ ਭਾਰਤ ’ਚ ਨਿਸ਼ਾਨਾ ਬਣਾ ਸਕਦੇ ਹਨ ਵਿਰੋਧੀ’
ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਡਿਪੋਰਟ ਕਰਨ ਤੋਂ ਬਾਅਦ ਉਸ ਦੇ ਚਚੇਰੇ ਭਰਾ ਰਮੇਸ਼ ਬਿਸ਼ਨੋਈ ਨੇ ‘ਟ੍ਰਿਬਿਊਨ ਸਮੂਹ’ ਨਾਲ ਗੱਲ ਕਰਦੇ ਹੋਏ ਕੇਂਦਰ ਸਰਕਾਰ ਨੂੰ ਅਨਮੋਲ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਲਾਰੈਂਸ ਬਿਸ਼ਨੋਈ ਦੇ ਪਰਿਵਾਰ ਨੇ ਕਿਹਾ ਕਿ ਉਹ ਕਈ ਵਿਰੋਧੀਆਂ ਤੇ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਹੋ ਸਕਦਾ ਹੈ। ਇਸ ਕਰ ਕੇ ਉਸ ਦੀ ਸੁਰੱਖਿਆ ਦੇ ਬਣਦੇ ਇੰਤਜ਼ਾਮ ਕੀਤੇ ਜਾਣ। ਰਮੇਸ਼ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵਿਰੋਧੀ ਗਰੋਹ ਦੇ ਮੈਂਬਰ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਰਮੇਸ਼ ਜੋ ਆਲ-ਇੰਡੀਆ ਜੀਵ ਰਕਸ਼ਾ ਬਿਸ਼ਨੋਈ ਸਭਾ ਦੇ ਉਪ-ਪ੍ਰਧਾਨ ਅਤੇ ਸਭਾ ਦੇ ਯੁਵਾ ਮੋਰਚਾ ਵਿੰਗ ਦੇ ਰਾਸ਼ਟਰੀ ਕਨਵੀਨਰ ਵੀ ਹਨ, ਨੇ ਜ਼ੋਰ ਦੇ ਕੇ ਕਿਹਾ ਕਿ ਇਹ ਭਾਈਚਾਰਾ ਜੰਗਲੀ ਜੀਵਾਂ, ਖਾਸ ਕਰਕੇ ਕਾਲੇ ਹਿਰਨ ਅਤੇ ਦਰੱਖਤਾਂ ਦੀ ਸੁਰੱਖਿਆ ਲਈ ਜਾਣਿਆ ਜਾਂਦਾ ਹੈ। ਇਹ ਭਾਈਚਾਰਾ ਕਾਨੂੰਨ ਦਾ ਸਤਿਕਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਐਨਸੀਪੀ ਆਗੂ ਬਾਬਾ ਸਿੱਦੀਕੀ ਦੇ ਕਤਲ ਮਾਮਲੇ ਵਿੱਚ ਅਨਮੋਲ ਦੀ ਕਥਿਤ ਸ਼ਮੂਲੀਅਤ ਅਤੇ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਵਿੱਚ ਸ਼ਮੂਲੀਅਤ ਬਾਰੇ ਅਦਾਲਤ ਵੱਲੋਂ ਜੋ ਵੀ ਫੈਸਲਾ ਸੁਣਾਇਆ ਜਾਵੇਗਾ, ਉਸ ਦਾ ਸਾਰਿਆਂ ਵੱਲੋਂ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਮੁੜ ਕਿਹਾ ਕਿ ਜਾਂਚ ਵਿਚ ਸਭ ਕੁਝ ਸਪਸ਼ਟ ਹੋ ਜਾਵੇਗਾ ਤੇ ਉਹ ਇਸ ਮਾਮਲੇ ਵਿਚ ਸਰਕਾਰ ਨੂੰ ਹਰ ਸਹਿਯੋਗ ਦੇਣ ਲਈ ਤਿਆਰ ਹਨ।
